#AMERICA

Trump ਨੇ ਨਵੇਂ Air Force One ਜਹਾਜ਼ ਤੋਂ ਪਰਦਾ ਹਟਾਇਆ

ਵਾਸ਼ਿੰਗਟਨ, 21 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਸਿਰੇ ਤੋਂ ਤਿਆਰ ਕੀਤੇ ਏਅਰ ਫੋਰਸ ਵਨ ਜਹਾਜ਼ ਤੋਂ ਪਰਦਾ ਹਟਾਇਆ, ਜਿਸ ਨੂੰ ਅਗਲੇ ਮਹੀਨੇ ਦੇ ਸ਼ੁਰੂ ’ਚ ਰਾਸ਼ਟਰਪਤੀ ਦੇ ਸਰਕਾਰੀ ਦੌਰਿਆਂ ਲਈ ਵਰਤੇ ਜਾਣ ਤੋਂ ਪਹਿਲਾਂ ਅਜ਼ਮਾਇਸ਼ੀ ਉਡਾਣਾਂ ’ਤੇ ਭੇਜਿਆ ਜਾਵੇਗਾ। ਇਹ ਜਹਾਜ਼ ਪਹਿਲਾਂ ਕਤਰ ਕੋਲ ਸੀ ਅਤੇ ਇਸ ਨੂੰ ਆਧੁਨਿਕ ਰੰਗ-ਰੂਪ ਦਿੱਤਾ ਗਿਆ ਹੈ। ਬੋਇੰਗ 747-8ਆਈ ਅਮਰੀਕੀ ਝੰਡੇ ਦੇ ਰੰਗਾਂ ਲਾਲ, ਸਫ਼ੈਦ ਅਤੇ ਗੂੜ੍ਹੇ ਨੀਲੇ ਰੰਗ ’ਚ ਰੰਗਿਆ ਗਿਆ ਹੈ, ਜਦਕਿ ਪੁਰਾਣਾ ਜਹਾਜ਼ ਹਲਕੇ ਅਸਮਾਨੀ ਰੰਗ ਦਾ ਹੈ ਅਤੇ ਉਸ ਦੀ ਵਰਤੋਂ ਅਮਰੀਕਾ ਦੇ ਰਾਸ਼ਟਰਪਤੀਆਂ ਵੱਲੋਂ ਲਗਪਗ 40 ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ। ਨਵੇਂ ਜਹਾਜ਼ ਦੀ ‘ਟੇਲ’ ਉੱਤੇ ਅਮਰੀਕੀ ਝੰਡੇ ਦੀ ਤਸਵੀਰ ਹੈ।

ਟਰੰਪ ਨੇ ‘ਜੁਆਇੰਟ ਬੇਸ ਐਂਡਰਿਊਜ਼’ ’ਚ ਸਮਾਗਮ ਦੌਰਾਨ ਕਿਹਾ, ‘‘ਸਭ ਤੋਂ ਵੱਡਾ ਫ਼ਰਕ ਇਸ ਦੇ ਆਕਾਰ ’ਚ ਹੈ। ਇਹ ਲਗਪਗ ਦੁਗਣਾ ਵੱਡਾ ਹੈ। ਇਹ ਨਵੇਂ ਲਾਲ, ਸਫ਼ੈਦ ਅਤੇ ਨੀਲੇ ਰੰਗ ਹਨ। ਸਾਨੂੰ ਹਲਕਾ ਅਸਮਾਨੀ ਰੰਗ ਵੀ ਪਸੰਦ ਸੀ ਪਰ ਹੁਣ ਤਬਦੀਲੀ ਦਾ ਸਮਾਂ ਆ ਗਿਆ ਹੈ। ਮੈਨੂੰ ਅਮਰੀਕੀ ਝੰਡੇ ਦਾ ਰੰਗ ਪਸੰਦ ਹੈ।’’ ਟਰੰਪ ਨੇ ਕਿਹਾ ਕਿ ਉਨ੍ਹਾਂ ਇਹ ਜਹਾਜ਼ ਕਤਰ ਦੇ ਅਮੀਰ ਤੋਂ ਇਸ ਲਈ ਹਾਸਲ ਕੀਤਾ ਸੀ ਕਿਉਂਕਿ ਬੋਇੰਗ ਦੇ ਏਅਰ ਫੋਰਸ ਵਨ ਰਿਪਲੇਸਮੈਂਟ ਪ੍ਰੋਗਰਾਮ ’ਚ ਹੋ ਰਹੀ ਦੇਰੀ ਤੋਂ ਉਹ ਨਿਰਾਸ਼ ਸਨ। ਉਨ੍ਹਾਂ ਕਿਹਾ ਕਿ ਨਵਾਂ ਏਅਰ ਫੋਰਸ ਵਨ ਅਮਰੀਕਾ ਦੇ 250ਵੇਂ ਆਜ਼ਾਦੀ ਦਿਹਾੜੇ ਮੌਕੇ 4 ਜੁਲਾਈ ਨੂੰ ਨੈਸ਼ਨਲ ਮਾਲ ’ਚ ਹੋਣ ਵਾਲੇ ਸਮਾਗਮਾਂ ਦੌਰਾਨ ਹਵਾਈ ਪ੍ਰਦਰਸ਼ਨ ਕਰੇਗਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਅਗਲੇ ਮਹੀਨੇ ਤੁਰਕੀ ’ਚ ਹੋਣ ਵਾਲੇ ਨਾਟੋ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਸ ਨਵੇਂ ਜਹਾਜ਼ ਦੀ ਵਰਤੋਂ ਕਰਨਗੇ।