#OTHERS

ਪਾਕਿਸਤਾਨ ‘ਚ ਸਿੱਖ ਜੋੜੇ ਦੇ ਕਤਲ ਕੇਸ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ

ਪੇਸ਼ਾਵਰ, 20 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇੱਕ ਗੁਰਦੁਆਰੇ ਦੇ ਅੰਦਰ ਗੋਲੀ ਮਾਰ ਕੇ ਕਤਲ ਕੀਤੇ ਗਏ ਸਿੱਖ ਜੋੜੇ ਦੇ ਦੋਹਰੇ ਕਤਲ ਕਾਂਡ ਵਿਚ ਪੁਲਿਸ ਨੇ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾਂ ਦੀ ਪਛਾਣ ਜਗਨਨਾਥ ਅਤੇ ਉਸ ਦੀ ਪਤਨੀ ਆਸਮਾ ਵੰਤੀ ਵਜੋਂ ਹੋਈ ਹੈ, ਜੋ ਪੇਸ਼ਾਵਰ ਤੋਂ ਕਰੀਬ 60 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਮਰਦਾਨ ਜ਼ਿਲ੍ਹੇ ਦੇ ਬਾਬੂ ਮੁਹੱਲਾ ਵਿਚ ਗੁਰਦੁਆਰੇ ਦੇ ਦੇਖਭਾਲ ਕਰਤਾ ਵਜੋਂ ਸੇਵਾ ਨਿਭਾ ਰਹੇ ਸਨ, ਜਿਨ੍ਹਾਂ ਨੂੰ ਬੁੱਧਵਾਰ ਨੂੰ ਗੁਰਦੁਆਰੇ ਦੇ ਅੰਦਰ ਗੋਲੀ ਮਾਰ ਦਿੱਤੀ ਗਈ ਸੀ।
ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਰਦਾਨ ਦੇ ਜ਼ਿਲ੍ਹਾ ਪੁਲਿਸ ਅਫ਼ਸਰ (ਡੀ.ਪੀ.ਓ.) ਮਸੂਦ ਅਹਿਮਦ ਬੰਗਸ਼ ਨੇ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸਦੀ ਪਛਾਣ ਅਮਾਜ਼ੂਗੜੀ ਦੇ ਵਸਨੀਕ ਸ਼ੇਰ ਸ਼ਾਹ ਵਜੋਂ ਹੋਈ ਹੈ। ਬੰਗਸ਼ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ, ਕਾਊਂਟਰ-ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਦੇ ਕਰਮਚਾਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਇੱਕ ਸਾਂਝੀ ਜਾਂਚ ਟੀਮ (ਜੇ.ਆਈ.ਟੀ.) ਵੱਲੋਂ ਕੀਤੀ ਗਈ ਜਾਂਚ ਵਿਚ ਹੁਣ ਤੱਕ ਸ਼ੱਕੀ ਦਾ ਕਿਸੇ ਪਾਬੰਦੀਸ਼ੁਦਾ ਜਥੇਬੰਦੀ, ਅੱਤਵਾਦੀ ਸੰਗਠਨ ਜਾਂ ਸੰਗਠਿਤ ਨੈੱਟਵਰਕ ਨਾਲ ਸਬੰਧ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਡੀ.ਪੀ.ਓ. ਨੇ ਕਿਹਾ ਕਿ ਕਤਲ ਪਿੱਛੇ ਕੀ ਮਕਸਦ ਸੀ ਇਹ ਅਜੇ ਸਪੱਸ਼ਟ ਨਹੀਂ ਹੈ ਅਤੇ ਅਧਿਕਾਰੀ ਸ਼ੱਕੀ ਦੇ ਬਿਆਨਾਂ ਅਤੇ ਹੁਣ ਤੱਕ ਇਕੱਠੇ ਕੀਤੇ ਗਏ ਹੋਰ ਸਬੂਤਾਂ ਦੇ ਮੱਦੇਨਜ਼ਰ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੇ ਹਨ।