-ਕੇਵਲ ਸਿੰਘ ਢਿੱਲੋਂ ਤੇ ਤਰੁਣ ਚੁੱਘ ਵੱਲੋਂ ਐਲਾਨ
ਅੰਮ੍ਰਿਤਸਰ, 18 ਜੂਨ (ਪੰਜਾਬ ਮੇਲ)- ਭਾਜਪਾ ਦੇ ਨਵ-ਨਿਯੁਕਤ ਪੰਜਾਬ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਤਰੁਣ ਚੁੱਘ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਦੋਵਾਂ ਆਗੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪੰਜਾਬ ਦੀ ਤਰੱਕੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਭਾਜਪਾ ਵਰਕਰਾਂ ਨਾਲ ਮੀਟਿੰਗ ਦੌਰਾਨ ਤਰੁਣ ਚੁੱਘ ਨੇ ਕਿਹਾ ਕਿ ਅਸੀਂ ਇੱਥੋਂ ਹੀ ਆਪਣੇ ਨਵੇਂ ਅਹੁੱਦੇ ਦੀ ਸ਼ੁਰੂਆਤ ਕਰਨੀ ਸੋਚੀ ਸੀ। ਉਨ੍ਹਾਂ ਕਿਹਾ ਪਾਰਟੀ ਨੇ ਢਿੱਲੋਂ ਜੀ ਨੂੰ ਜਥੇਦਾਰ ਤੈਅ ਕੀਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਅਸੀਂ 117 ਸੀਟਾਂ ‘ਤੇ ਚੋਣ ਲੜਾਂਗੇ ਤੇ ਹਰ ਸੀਟ ਲਈ ਮਿਹਨਤ ਕਰਾਂਗੇ। ਚੁੱਘ ਨੇ ਕਿਹਾ ਕਿ ਭਾਜਪਾ ਪੰਜਾਬ ‘ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਚੰਗਾ ਸ਼ਾਸਨ ਪ੍ਰਦਾਨ ਕਰਨਾ ਚਾਹੁੰਦੀ ਹੈ।
ਤਰੁਣ ਚੁੱਘ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਫਿਰੌਤੀ ਅਤੇ ਭ੍ਰਿਸ਼ਟਾਚਾਰ ਤੋਂ ਸਿਰਫ਼ ਮੋਦੀ ਸਰਕਾਰ ਦੀ ਭਾਜਪਾ ਹੀ ਕੱਢ ਸਕਦੀ ਹੈ। ਸਾਡੇ ਕੋਲ ਪਲਾਨ ਹੈ ਕਿ ਪੰਜਾਬ ਨੂੰ ਦੁਬਾਰਾ ਵਿਕਸਿਤ ਅਤੇ ‘ਰੰਗਲਾ ਪੰਜਾਬ’ ਕਿਵੇਂ ਬਣਾਉਣਾ ਹੈ। ਉਨ੍ਹਾਂ ਕਿਹਾ ਪੰਜਾਬ ਦਾ ਕਿਸਾਨ ਮੋਦੀ ਜੀ ਦੇ ਹੱਥਾਂ ‘ਚ ਸੁਰੱਖਿਅਤ ਹੈ। ਅੱਜ ਦੁਨੀਆਂ ‘ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਭਾਰਤ ਦੀ ਹੈ।
ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਦੇ 22 ਸੂਬਿਆਂ ‘ਚ ਭਾਜਪਾ ਦੀ ਸਰਕਾਰ ਹੈ ਅਤੇ ਜਿੱਥੇ ਭਾਜਪਾ ਹੈ, ਉੱਥੇ ਤਰੱਕੀ ਹੁੰਦੀ ਹੈ। ਅਸੀਂ 117 ਸੀਟਾਂ ‘ਤੇ ਹਿੱਕ ਤਾਣ ਕੇ ਲੜਾਂਗੇ ਅਤੇ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਾਵਾਂਗੇ। ਵੈਸਟ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਨ।
ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜੇਗੀ ਭਾਜਪਾ

