#AMERICA

ਅਮਰੀਕਾ ਤੋਂ ਕੈਨੇਡਾ ਨਸ਼ਾ ਲਿਜਾਂਦੇ 2 ਭਾਰਤੀ ਟਰੱਕ ਡਰਾਈਵਰ ਗ੍ਰਿਫਤਾਰ

ਵੈਨਕੂਵਰ, 17 ਜੂਨ (ਪੰਜਾਬ ਮੇਲ)- ਅਮਰੀਕਾ ਦੇ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਨਸ਼ਾ ਲਿਜਾਂਦਿਆਂ ਦੋ ਭਾਰਤੀ ਟਰੱਕ ਡਰਾਇਵਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਕਾਫੀ ਸਮੇਂ ਤੋਂ ਆਰ-ਪਾਰ ਟਰੱਕ ਚਲਾ ਰਹੇ ਸਨ। ਜਾਣਕਾਰੀ ਅਨੁਸਾਰ ਬੀਤੇ ਹਫ਼ਤੇ ਫੜੇ ਗਏ ਬਰੈਂਪਟਨ ਵਾਸੀ ਵੈਭਵ ਸਕਸੈਨਾ ਨੂੰ ਮਿਸ਼ੀਗਨ ਸਰਹੱਦੀ ਕਰਾਸਿੰਗ ਤੇ ਚਾਲੀ ਕਿਲੋ ਪੋਸਤ ਡੋਡਿਆਂ ਸਮੇਤ ਫੜਿਆ ਗਿਆ, ਜੋ ਉਹ ਟਰੱਕ ‘ਚ ਬਣਾਏ ਖਾਸ ਖਾਨੇ ਵਿਚ ਲੁਕੋ ਕੇ ਕੈਨੇਡਾ ਲਿਜਾ ਰਿਹਾ ਸੀ। ਉਹ ਕੁਝ ਦਿਨਾਂ ਤੋਂ ਸਰੱਖਿਆ ਏਜੰਟਾਂ ਦੇ ਰਾਡਾਰ ਹੇਠ ਸੀ। ਬੀਤੇ ਦਿਨੀਂ ਸਰਹੱਦ ਪਾਰ ਕਰਨ ਵੇਲੇ ਉਸਦੇ ਟਰੱਕ ਦੀ ਤਲਾਸ਼ੀ ਲਈ ਗਈ, ਤਾਂ ਖਾਸ ਠਿਕਾਣੇ ‘ਚੋਂ ਡੋਡੇ ਬਰਾਮਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸੇ ਤਰਾਂ ਬਲੂ ਵਾਟਰ ਸਰਹੱਦੀ ਲਾਂਘੇ ‘ਤੇ ਚੰਦਨ ਦਿਆਲ ਨਾਂਅ ਵਾਲੇ ਟਰੱਕ ਡਰਾਇਵਰ ਦੀ ਜਾਂਚ ਕੀਤੀ ਗਈ, ਤਾਂ ਉਸ ਕੋਲੋਂ ਤੇਜ਼ ਨਸ਼ੇ ਨੂੰ ਇੱਟਾਂ ਦਾ ਰੂਪ ਦੇ ਕੇ ਕਾਗਜਾਂ ‘ਚ ਲਪੇਟਿਆ ਹੋਇਆ ਸੀ। ਮੁਲਜ਼ਮ ਵੱਲੋਂ ਇੱਕ ਇੱਕ ਕਿਲੋ ਦੀਆਂ 55 ਇੱਟਾਂ ਨੂੰ ਗੱਤੇ ਦੇ ਡੱਬੇ ‘ਚ ਪੈਕ ਕਰਕੇ ਇੱਕ ਲੇਬਲ ਲਾਇਆ ਹੋਇਆ ਸੀ। ਵੇਰਵਿਆਂ ਅਨੁਸਾਰ ਇਹ ਨਸ਼ਾ ਉਹ ਵਿਸਕਾਨਸਿਨ ਤੋਂ ਲੈ ਕੇ ਆਇਆ ਸੀ, ਜਿੱਥੇ ਦੇ ਗੇੜੇ ਉਹ ਅਕਸਰ ਲਾਉਂਦਾ ਰਹਿੰਦਾ ਸੀ।
ਜਾਂਚ ਮੌਕੇ ਅਧਿਕਾਰੀਆਂ ਨੇ ਉਸ ਡੱਬੇ ਵਿਚਲੀ ਵਸਤੂ ਬਾਰੇ ਜਾਣਕਾਰੀ ਮੰਗੀ, ਤਾਂ ਚੰਦਨ ਨੇ ਗੁਮਰਾਹ ਕਰਨ ਦੇ ਯਤਨ ਕੀਤੇ, ਪਰ ਡੱਬਾ ਖੋਲ੍ਹੇ ਜਾਣ ‘ਤੇ ਸਾਰਾ ਭੇਤ ਖੁੱਲ ਗਿਆ ਅਤੇ ਗ੍ਰਿਫ਼ਤਾਰੀ ਤੋਂ ਬਾਦ ਉਸ ਨੇ ਮੰਨਿਆ ਕਿ ਉਹ ਕਈ ਮਹੀਨਿਆਂ ਤੋਂ ਇਹ ਕੰਮ ਕਰ ਰਿਹਾ ਸੀ।