ਅੰਮ੍ਰਿਤਸਰ, 17 ਜੂਨ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਪਛੜ ਗਿਆ ਹੈ, ਜਦੋਂਕਿ ਇਹ ਮਾਮਲਾ ਇਸ ਤੋਂ ਪਹਿਲਾਂ ਹੋਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਵਿਚ ਵੱਡੇ ਪੱਧਰ ‘ਤੇ ਵਿਚਾਰਿਆ ਗਿਆ ਸੀ।
ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਸਦੀ ਫਾਂਸੀ ਦੀ ਸਜ਼ਾ ਮੁਆਫੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਹੋਈ ਪਟੀਸ਼ਨ ਨੂੰ ਵਾਪਸ ਲੈ ਲਿਆ ਜਾਵੇ ਕਿਉਂਕਿ ਇਸ ਮਾਮਲੇ ਵਿਚ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਦੱਸਣਯੋਗ ਹੈ ਇਹ ਮਾਮਲਾ ਇਸ ਵੇਲੇ ਅਦਾਲਤ ਦੇ ਵਿਚਾਰ ਅਧੀਨ ਵੀ ਹੈ।
ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਚਾਰਿਆ ਜਾਣਾ ਸੀ। ਪਰ ਸਿਆਸੀ ਘਟਨਾਕ੍ਰਮ ਦੇ ਚੱਲਦਿਆਂ ਇਹ ਮਾਮਲਾ ਪਿੱਛੇ ਪੈ ਗਿਆ ਹੈ। ਸ੍ਰੀ ਅਕਾਲ ਤਖ਼ਤ ਦੇ ਸੂਤਰਾਂ ਦੇ ਮੁਤਾਬਿਕ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸੰਬੰਧਿਤ ਹੈ ਅਤੇ ਸਿੱਖ ਜਥੇਬੰਦੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਦੇਸ਼ ਯਾਤਰਾ ਤੇ ਹਨ। ਇਸ ਮਾਮਲੇ ਵਿਚ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਜਰੂਰੀ ਸੀ। ਜਿਸ ਕਾਰਨ ਇਹ ਮਾਮਲਾ ਮੁੜ ਵਿਚਾਰਿਆ ਜਾਵੇਗਾ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖ ਜਥੇਬੰਦੀਆਂ ਨਾਲ ਕੀਤੀ ਗਈ ਮੀਟਿੰਗ ਵਿਚ ਇਹ ਮਾਮਲਾ ਏਜੰਡੇ ਵਿਚ ਸ਼ਾਮਲ ਸੀ। ਮੀਟਿੰਗ ਵਿਚ ਬੇਅਦਬੀ ਐਕਟ, ਭਗਵੰਤ ਮਾਨ ਦੀ ਕਥਿਤ ਇਤਰਾਯੋਗ ਵੀਡੀਓ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ਸਬੰਧੀ ਮਾਮਲਾ ਸ਼ਾਮਲ ਸੀ।
ਮੀਟਿੰਗ ‘ਚ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਸੀ, ਜਿਸ ਵਿਚ ਕਈ ਵਿਦਵਾਨਾਂ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਸੀ। ਇੱਕ ਜਥੇਬੰਦੀ ਦੇ ਆਗੂ ਵੱਲੋਂ ਆਖਿਆ ਗਿਆ ਸੀ ਕਿ ਇਸ ਮਾਮਲੇ ਵਿਚ ਰਾਜੋਆਣਾ ਦੀ ਮੰਗ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।
ਇੱਕ ਸਿੱਖ ਆਗੂ ਨੇ ਇਸ ਮਾਮਲੇ ਵਿਚ ਦਲੀਲ ਦਿੱਤੀ ਸੀ ਕਿ ਆਉਂਦੇ ਸਮੇਂ ਵਿਚ ਭਾਜਪਾ ਪੰਜਾਬ ‘ਚ ਪੈਰ ਪਸਾਰਨ ਦਾ ਯਤਨ ਕਰ ਰਹੀ ਹੈ ਅਤੇ ਉਹ ਅਜਿਹੇ ਸਮੇਂ ਵਿਚ ਸਿੱਖਾਂ ਦਾ ਦਿਲ ਜਿੱਤਣ ਲਈ ਬੰਦੀ ਸਿੱਖਾਂ ਨੂੰ ਰਿਹਾਅ ਕਰ ਸਕਦੀ ਹੈ। ਇਸ ਲਈ ਉਡੀਕ ਕਰਨੀ ਚਾਹੀਦੀ ਹੈ ਅਤੇ ਇਸ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ।
ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਭਾਈ ਰਾਜੋਆਣਾ ਦਾ ਮਾਮਲਾ ਪਛੜਿਆ

