#INDIA

ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਲੈਂਡ ਹੋਣ ਮਗਰੋਂ ਕ੍ਰੈਸ਼, 5 ਜਵਾਨ ਸ਼ਹੀਦ

ਅਸਾਮ, 13 ਜੂਨ (ਪੰਜਾਬ ਮੇਲ)- ਸ਼ਨੀਵਾਰ ਨੂੰ ਪੂਰਾ ਦੇਸ਼ ਉਸ ਸਮੇਂ ਦਹਿਲ ਗਿਆ, ਜਦੋਂ ਅਸਾਮ ਦੇ ਜੋਰਹਾਟ ਸਥਿਤ ਹਵਾਈ ਫੌਜੀ ਅੱਡੇ ਨੇੜੇ ਇਕ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਲੈਂਡ ਹੋਣ ਮਗਰੋਂ ਕ੍ਰੈਸ਼ ਹੋ ਗਿਆ, ਜਿਸ ਮਗਰੋਂ ਉਸ ਨੂੰ ਅੱਗ ਲੱਗ ਗਈ ਤੇ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸੇ ਦੌਰਾਨ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਕ੍ਰੈਸ਼ ਹੋਏ AN-32 ਟ੍ਰਾਂਸਪੋਰਟ ਜਹਾਜ਼ ‘ਚ ਭਾਰਤੀ ਹਵਾਈ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ।

ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਮੁਤਾਬਕ, ਹਾਦਸੇ ‘ਚ ਹਵਾਈ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਹਾਲਾਂਕਿ ਰਾਹਤ ਦੀ ਖ਼ਬਰ ਇਹ ਹੈ ਕਿ ਜਹਾਜ਼ ਦੇ ਕੋ-ਪਾਇਲਟ ਦੀ ਜਾਨ ਇਸ ਹਾਦਸੇ ‘ਚ ਬਚ ਗਈ ਹੈ ਤੇ ਉਸ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ਼ਹੀਦ ਹੋਏ ਜਵਾਨਾਂ ‘ਚ ਸਕੁਆਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰਵਾਯੂ ਖੇਮਰਾਮ ਕੁਮਾਵਤ ਤੇ ਅਗਨੀਵੀਰਵਾਯੂ ਦਾਨਿਸ਼ ਆਲਮ ਸ਼ਾਮਲ ਹਨ। ਫਿਲਹਾਲ ਇਸ ਹਾਦਸੇ ਦਾ ਅਸਲ ਕਾਰਨ ਕੀ ਸੀ, ਇਸ ਦੀ ਅਸਲ ਵਜ੍ਹਾ ਦਾ ਪਤਾ ਲਗਾਉਣ ਲਈ ਭਾਰਤੀ ਹਵਾਈ ਫ਼ੌਜ ਵੱਲੋਂ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਹਨ। ਹਵਾਈ ਫ਼ੌਜ ਦੇ ਉੱਚ ਅਧਿਕਾਰੀ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਕਿਸੇ ਤਕਨੀਕੀ ਗੜਬੜੀ ਕਾਰਨ ਹੋਇਆ ਜਾਂ ਫਿਰ ਖ਼ਰਾਬ ਮੌਸਮ ਦੀ ਵਜ੍ਹਾ ਨਾਲ। ਫਿਲਹਾਲ ਇਸ ਖ਼ਬਰ ਦੇ ਸਾਹਮਣੇ ਆਉਣ ਨਾਲ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੌੜ ਗਈ ਹੈ।