-ਵਰਜੀਨੀਆ ਸੁਪਰੀਮ ਕੋਰਟ ਵੱਲੋਂ ਨਵਾਂ ਕਾਂਗਰਸੀ ਮੈਪ ਰੱਦ ਕਰਨ ਤੋਂ ਬਾਅਦ 4 ਡੈਮੋਕ੍ਰੈਟ ਉਮੀਦਵਾਰਾਂ ਵੱਲੋਂ ਚੋਣ ਮੁਹਿੰਮਾਂ ਮੁਅੱਤਲ
ਵਰਜੀਨੀਆ, 23 ਮਈ (ਪੰਜਾਬ ਮੇਲ)- ਵਰਜੀਨੀਆ ‘ਚ ਅਮਰੀਕੀ ਕਾਂਗਰਸ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਸਾਹਮਣੇ ਆਇਆ ਹੈ। ਵਰਜੀਨੀਆ ਸੁਪਰੀਮ ਕੋਰਟ ਵੱਲੋਂ ਨਵਾਂ ਕਾਂਗਰਸੀ ਮੈਪ ਰੱਦ ਕਰਨ ਤੋਂ ਬਾਅਦ ਘੱਟੋ-ਘੱਟ ਚਾਰ ਵੱਡੇ ਡੈਮੋਕ੍ਰੈਟ ਉਮੀਦਵਾਰਾਂ ਨੇ ਆਪਣੀਆਂ ਚੋਣ ਮੁਹਿੰਮਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਫੈਸਲੇ ਨੇ ਡੈਮੋਕ੍ਰੈਟਿਕ ਪਾਰਟੀ ਦੀ ਰਣਨੀਤੀ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਹੁਣ ਕਈ ਉਮੀਦਵਾਰਾਂ ਨੂੰ ਜਾਂ ਤਾਂ ਰਿਪਬਲਿਕਨ ਹਾਵੀ ਹਲਕਿਆਂ ਵਿਚ ਚੋਣ ਲੜਨੀ ਪਵੇਗੀ ਜਾਂ ਫਿਰ ਆਪਣੇ ਹੀ ਪਾਰਟੀ ਦੇ ਮੌਜੂਦਾ ਮੈਂਬਰਾਂ ਨੂੰ ਚੁਣੌਤੀ ਦੇਣੀ ਪਵੇਗੀ।
ਵਰਜੀਨੀਆ ਵਿਚ ਪਹਿਲਾਂ ਬਣਾਏ ਗਏ ਨਵੇਂ ਕਾਂਗਰਸੀ ਮੈਪ ਨਾਲ ਡੈਮੋਕ੍ਰੈਟਸ ਨੂੰ ਫਾਇਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਕੋਰਟ ਨੇ ਇਸ ਮੈਪ ਨੂੰ ਰੱਦ ਕਰਦੇ ਹੋਏ ਪੁਰਾਣੇ ਮੈਪ ਨੂੰ ਹੀ ਬਰਕਰਾਰ ਰੱਖਿਆ। ਮੌਜੂਦਾ ਹਾਲਾਤਾਂ ਵਿਚ ਵਰਜੀਨੀਆ ਦੇ 11 ਕਾਂਗਰਸੀ ਹਲਕਿਆਂ ਵਿਚੋਂ 6 ਡੈਮੋਕ੍ਰੈਟ ਅਤੇ 5 ਰਿਪਬਲਿਕਨ ਮੈਂਬਰ ਹਨ। ਪ੍ਰਾਇਮਰੀ ਚੋਣਾਂ ਦੀ ਮਿਤੀ ਵੀ ਬਦਲ ਕੇ ਹੁਣ 4 ਅਗਸਤ ਕਰ ਦਿੱਤੀ ਗਈ ਹੈ।
ਇਸ ਫੈਸਲੇ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੀ ਮੁਹਿੰਮ ਰੋਕਣ ਵਾਲਿਆਂ ਵਿਚ ਬ੍ਰੀ ਫ੍ਰਾਮ ਦਾ ਨਾਮ ਸਾਹਮਣੇ ਆਇਆ। ਬ੍ਰੀ ਫ੍ਰਾਮ ਅਮਰੀਕੀ ਏਅਰ ਫੋਰਸ ਵਿਚ ਸੇਵਾ ਕਰ ਚੁੱਕੀ ਟ੍ਰਾਂਸਜੈਂਡਰ ਅਧਿਕਾਰੀ ਹੈ, ਜਿਸ ਨੇ ਟਰੰਪ ਪ੍ਰਸ਼ਾਸਨ ਵੱਲੋਂ ਫੌਜ ਵਿਚ ਟ੍ਰਾਂਸਜੈਂਡਰ ਲੋਕਾਂ ‘ਤੇ ਲਗਾਈ ਪਾਬੰਦੀ ਖਿਲਾਫ ਕੇਸ ਵੀ ਕੀਤਾ ਸੀ। ਉਸ ਨੇ ਕਿਹਾ ਕਿ ਕੋਰਟ ਦੇ ਫੈਸਲੇ ਤੋਂ ਬਾਅਦ ਨਵੇਂ ਹਾਲਾਤਾਂ ਵਿਚ ਚੋਣ ਮੁਹਿੰਮ ਨੂੰ ਦੁਬਾਰਾ ਖੜ੍ਹਾ ਕਰਨ ਲਈ ਸਮਾਂ ਅਤੇ ਸਰੋਤ ਦੋਵੇਂ ਘੱਟ ਰਹਿ ਗਏ ਸਨ।
ਇਸ ਤੋਂ ਇਲਾਵਾ ਵਰਜੀਨੀਆ ਦੀ ਸਾਬਕਾ ਫਸਟ ਲੇਡੀ ਡੋਰੋਥੀ ਮੈਕਆਲਿਫ ਨੇ ਵੀ ਆਪਣੀ ਚੋਣ ਮੁਹਿੰਮ ਰੋਕਣ ਦਾ ਐਲਾਨ ਕੀਤਾ। ਉਹ ਨਵੇਂ ਬਣਾਏ ਗਏ 7ਵੇਂ ਕਾਂਗਰਸੀ ਹਲਕੇ ਤੋਂ ਚੋਣ ਲੜ ਰਹੀ ਸੀ। ਉਸ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਅਤੇ ਲੋਕਤੰਤਰ ਦੀ ਰੱਖਿਆ ਲਈ ਮੈਦਾਨ ਵਿਚ ਆਈ ਸੀ, ਪਰ ਮੌਜੂਦਾ ਹਾਲਾਤਾਂ ਵਿਚ ਮੁਹਿੰਮ ਜਾਰੀ ਰੱਖਣਾ ਮੁਸ਼ਕਿਲ ਬਣ ਗਿਆ ਹੈ।
ਸਾਬਕਾ ਸਪੈਸ਼ਲ ਕਾਊਂਸਲ ਜੈਕ ਸਮਿਥ ਦੇ ਡਿਪਟੀ ਰਹਿ ਚੁੱਕੇ ਜੇ.ਪੀ. ਕੂਨੀ ਨੇ ਵੀ ਆਪਣੀ ਮੁਹਿੰਮ ਖਤਮ ਕਰਨ ਦਾ ਐਲਾਨ ਕਰ ਦਿੱਤਾ। ਕੂਨੀ ਨੇ ਕਿਹਾ ਕਿ ਕੋਰਟ ਦੇ ਫੈਸਲੇ ਨਾਲ ਵਰਜੀਨੀਆ ਦੇ ਵੋਟਰਾਂ ਨੂੰ ਨੁਕਸਾਨ ਹੋਇਆ ਹੈ, ਪਰ ਉਹ ਭ੍ਰਿਸ਼ਟਾਚਾਰ ਅਤੇ ਕਾਨੂੰਨੀ ਗੜਬੜਾਂ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ।
ਇਸੇ ਤਰ੍ਹਾਂ ਵਰਜੀਨੀਆ ਦੇ ਸਟੇਟ ਡੈਲੀਗੇਟ ਡੈਨ ਹੇਲਮਰ ਨੇ ਵੀ ਆਪਣੀ ਚੋਣ ਮੁਹਿੰਮ ਸਮਾਪਤ ਕਰਨ ਦਾ ਐਲਾਨ ਕੀਤਾ। ਉਸ ਨੇ ਰਿਪਬਲਿਕਨਾਂ ‘ਤੇ ਦੋਸ਼ ਲਗਾਇਆ ਕਿ ਜਦੋਂ ਉਹ ਚੋਣਾਂ ਰਾਹੀਂ ਜਿੱਤ ਨਹੀਂ ਸਕਦੇ, ਤਾਂ ਉਹ ਕੋਰਟਾਂ ਦਾ ਸਹਾਰਾ ਲੈਂਦੇ ਹਨ। ਉਸ ਨੇ ਨਿਆਂ ਪ੍ਰਣਾਲੀ ਵਿਚ ਸੁਧਾਰਾਂ ਦੀ ਵੀ ਮੰਗ ਕੀਤੀ।
ਦੂਜੇ ਪਾਸੇ ਟਰੰਪ ਪ੍ਰਸ਼ਾਸਨ ਦੀ ਸਾਬਕਾ ਅਧਿਕਾਰੀ ਅਤੇ ਹੁਣ ਡੈਮੋਕ੍ਰੈਟਿਕ ਉਮੀਦਵਾਰ ਓਲਿਵੀਆ ਟਰੋਏ ਨੇ ਅਜੇ ਤੱਕ ਆਪਣੀ ਮੁਹਿੰਮ ਬਾਰੇ ਅੰਤਿਮ ਫੈਸਲਾ ਨਹੀਂ ਕੀਤਾ। ਉਸ ਨੇ ਇੱਕ ਬਲੌਗ ਵਿਚ ਲਿਖਿਆ ਕਿ ICE ਡਿਟੇਨਸ਼ਨ ਸੈਂਟਰ ਦੇ ਦੌਰੇ ਅਤੇ ਕੋਰਟ ਦੇ ਫੈਸਲੇ ਤੋਂ ਬਾਅਦ ਉਹ ਹੋਰ ਵੀ ਦ੍ਰਿੜ੍ਹ ਹੋ ਗਈ ਹੈ ਕਿ ਇਹ ਲੜਾਈ ਜਾਰੀ ਰਹਿਣੀ ਚਾਹੀਦੀ ਹੈ।
ਇਸ ਸਾਰੇ ਸਿਆਸੀ ਹਲਚਲ ਵਿਚ ਇੱਕ ਡੈਮੋਕ੍ਰੈਟ ਉਮੀਦਵਾਰ ਟੌਮ ਪੈਰੀਏਲੋ ਨੇ ਚੋਣ ਮੈਦਾਨ ਨਾ ਛੱਡਣ ਦਾ ਐਲਾਨ ਕੀਤਾ ਹੈ। ਉਹ ਹੁਣ ਮੌਜੂਦਾ 5ਵੇਂ ਕਾਂਗਰਸੀ ਹਲਕੇ ਤੋਂ ਰਿਪਬਲਿਕਨ ਮੈਂਬਰ ਜੌਨ ਮੈਕਗੁਆਇਰ ਨੂੰ ਚੁਣੌਤੀ ਦੇਣਗੇ। ਪੈਰੀਏਲੋ ਪਹਿਲਾਂ ਵੀ 2009 ਤੋਂ 2011 ਤੱਕ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਸ ਨੇ ਕਿਹਾ ਕਿ ਲੋਕਾਂ ਨਾਲ ਸੈਂਕੜੇ ਮੀਟਿੰਗਾਂ ਦੌਰਾਨ ਇੱਕ ਗੱਲ ਸਾਫ ਹੋ ਗਈ ਹੈ ਕਿ ਮੌਜੂਦਾ ਨੁਮਾਇੰਦਗੀ ਨਾਲ ਲੋਕ ਖੁਸ਼ ਨਹੀਂ ਹਨ ਅਤੇ ਉਹ ਬਦਲਾਅ ਚਾਹੁੰਦੇ ਹਨ।
ਵਰਜੀਨੀਆ ‘ਚ ਅਮਰੀਕੀ ਕਾਂਗਰਸ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ

