#AMERICA

ਕੈਲੀਫੋਰਨੀਆ ਹਿੱਟ-ਐਂਡ-ਰਨ ਮਾਮਲੇ ‘ਚ ICE ਵੱਲੋਂ ਭਾਰਤੀ ਨਾਗਰਿਕ ਗ੍ਰਿਫ਼ਤਾਰ

ਫਰਿਜ਼ਨੋ, 22 ਮਈ (ਪੰਜਾਬ ਮੇਲ)- ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਨੇ ਦੱਸਿਆ ਕਿ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ 13 ਮਈ ਨੂੰ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਕੈਲੀਫੋਰਨੀਆ ਦੇ ਫਰਿਜ਼ਨੋ ਵਿਚ ਇੱਕ ਹਿੱਟ-ਐਂਡ-ਰਨ ਹਾਦਸੇ ਦਾ ਦੋਸ਼ ਹੈ। ਇਸ ਹਾਦਸੇ ਵਿਚ ਇੱਕ 4 ਸਾਲਾ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ।
ਡੀ.ਐੱਚ.ਐੱਸ. ਅਨੁਸਾਰ, ਅਮਨ ਕੁਮਾਰ ਨੂੰ ਫਰਿਜ਼ਨੋ ਸ਼ੈਰਿਫ ਵਿਭਾਗ ਨੇ 29 ਅਪ੍ਰੈਲ ਨੂੰ (ਕਥਿਤ ਹਾਦਸੇ ਦੇ ਇੱਕ ਦਿਨ ਬਾਅਦ) ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ‘ਤੇ ਮੌਤ ਜਾਂ ਸੱਟ ਦਾ ਕਾਰਨ ਬਣਨ ਵਾਲੀ ਸੰਗੀਨ ਹਿੱਟ-ਐਂਡ-ਰਨ ਦੀ ਧਾਰਾ ਲਗਾਈ ਗਈ ਸੀ। ਹਾਲਾਂਕਿ, ਸੰਘੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਾਅਦ ਵਿਚ ਉਸਨੂੰ ਸਥਾਨਕ ਹਿਰਾਸਤ ਵਿਚੋਂ ਰਿਹਾਅ ਕਰ ਦਿੱਤਾ ਗਿਆ ਸੀ। ਡੀ.ਐੱਚ.ਐੱਸ. ਨੇ ਦੱਸਿਆ ਕਿ ਕੁਮਾਰ ਭਾਰਤ ਦਾ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ, ਜਿਸ ਨੇ ਕਥਿਤ ਤੌਰ ‘ਤੇ 2023 ਵਿਚ ਕੈਲੀਫੋਰਨੀਆ ਰਾਹੀਂ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕੀਤਾ ਸੀ ਅਤੇ ਬਾਅਦ ਵਿਚ ਬਾਇਡਨ ਪ੍ਰਸ਼ਾਸਨ ਦੌਰਾਨ ਸੰਘੀ ਅਧਿਕਾਰੀਆਂ ਦੁਆਰਾ ਰਿਹਾਅ ਕਰ ਦਿੱਤਾ ਗਿਆ ਸੀ।
ਕਾਰਜਕਾਰੀ ਸਹਾਇਕ ਸਕੱਤਰ ਲੌਰੇਨ ਬਿਸ ਨੇ ਇੱਕ ਬਿਆਨ ਵਿਚ ਕੈਲੀਫੋਰਨੀਆ ਦੀਆਂ ਸੈਨਕਚੂਰੀ (ਸ਼ਰਨਾਰਥੀ) ਨੀਤੀਆਂ ਦੀ ਆਲੋਚਨਾ ਕੀਤੀ ਅਤੇ ਰਾਜ ਦੇ ਅਧਿਕਾਰੀਆਂ ‘ਤੇ ”ਇਸ ਅਪਰਾਧੀ ਗੈਰ-ਕਾਨੂੰਨੀ ਵਿਦੇਸ਼ੀ ਨੂੰ ਜੇਲ੍ਹ ਤੋਂ ਵਾਪਸ ਸੜਕਾਂ ‘ਤੇ” ਰਿਹਾਅ ਕਰਨ ਦਾ ਦੋਸ਼ ਲਗਾਇਆ। ਬਿਸ ਨੇ ਕਿਹਾ, ”ਇਸ ਦਰਿੰਦੇ ‘ਤੇ, ਜਿਸ ਨੇ ਇੱਕ 4 ਸਾਲ ਦੇ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਇੱਕ ਸੰਗੀਨ ਹਿੱਟ-ਐਂਡ-ਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ICE ਦੇ ਬਹਾਦਰ ਕਾਨੂੰਨ ਲਾਗੂ ਕਰਨ ਵਾਲੇ ਮੈਂਬਰਾਂ ਦਾ ਧੰਨਵਾਦ, ਜਿਨ੍ਹਾਂ ਸਦਕਾ ਇਸ ਅਪਰਾਧੀ ਗੈਰ-ਕਾਨੂੰਨੀ ਵਿਦੇਸ਼ੀ ਨੂੰ ਇੱਕ ਅਪਰਾਧਿਕ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ।”
DHS ਦੇ ਅਨੁਸਾਰ, ਕੈਲੀਫੋਰਨੀਆ ਦੇ ਵੱਖ-ਵੱਖ ਖੇਤਰਾਂ ਵਿਚ ਇਸ ਵੇਲੇ 33,000 ਤੋਂ ਵੱਧ ਅਜਿਹੇ ਵਿਅਕਤੀ ਹਿਰਾਸਤ ਵਿਚ ਹਨ, ਜਿਨ੍ਹਾਂ ਦੇ ਖ਼ਿਲਾਫ਼ ICE ਦੇ ਡਿਟੇਨਰ (ਹਿਰਾਸਤ ਦੇ ਆਦੇਸ਼) ਸਰਗਰਮ ਹਨ। ਵਿਭਾਗ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਹੱਤਿਆ, ਹਮਲਾ, ਸੰਨ੍ਹਮਾਰੀ, ਲੁੱਟ-ਖੋਹ, ਨਸ਼ੀਲੇ ਪਦਾਰਥਾਂ ਦੇ ਅਪਰਾਧ, ਹਥਿਆਰਾਂ ਦੇ ਅਪਰਾਧ ਅਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਦੋਸ਼ ਜਾਂ ਸਜ਼ਾਵਾਂ ਸ਼ਾਮਲ ਹਨ।
ਡੀ.ਐੱਚ.ਐੱਸ. ਨੇ ਦੱਸਿਆ ਕਿ ICE ਦੇ ਡਾਇਰੈਕਟਰ ਟੌਡ ਲਿਓਨਜ਼ ਨੇ ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੂੰ ਇੱਕ ਪੱਤਰ ਭੇਜ ਕੇ ਰਾਜ ਨੂੰ ਅਪੀਲ ਕੀਤੀ ਸੀ ਕਿ ਉਹ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਸਹਿਯੋਗ ਕਰੇ ਅਤੇ ICE ਦੇ ਡਿਟੇਨਰ ਬੇਨਤੀਆਂ ਦਾ ਸਨਮਾਨ ਕਰੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੀੜਤ ਬੱਚਾ 28 ਅਪ੍ਰੈਲ ਦੀ ਘਟਨਾ ਤੋਂ ਬਾਅਦ ਗੰਭੀਰ ਪਰ ਸਥਿਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਸੀ ਅਤੇ ਉਸ ਦੇ ਬਚਣ ਦੀ ਪੂਰੀ ਉਮੀਦ ਹੈ।