ਚੰਡੀਗੜ੍ਹ, 8 ਮਈ (ਪੰਜਾਬ ਮੇਲ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਭਾਰਤੀ ਕ੍ਰਿਕਟ ਖਿਡਾਰੀ ਅਤੇ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ਲਈ ਵਲੌਗ ਨਾ ਬਣਾਉਣ ਦੀ ਹਦਾਇਤ ਕੀਤੀ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਬੋਰਡ ਨੇ ਅਰਸ਼ਦੀਪ ਨੂੰ ਹਦਾਇਤ ਦਿੱਤੀ ਹੈ ਕਿ ਉਹ ਟੂਰਨਾਮੈਂਟ ਦੇ ਬਾਕੀ ਰਹਿੰਦੇ ਸਮੇਂ ਲਈ ਕੋਈ ਵੀ ਵਲੌਗ ਪੋਸਟ ਨਾ ਕਰਨ।
ਇਹ ਨਿਰਦੇਸ਼ ਉਸ ਸਮੇਂ ਆਇਆ ਹੈ, ਜਦੋਂ ਅਰਸ਼ਦੀਪ ਦੇ ਸਾਥੀ ਖਿਡਾਰੀ ਯੁਜਵਿੰਦਰ ਚਾਹਲ ਇੱਕ ਵਿਵਾਦ ਵਿਚ ਫਸ ਗਏ ਹਨ। ਸੋਸ਼ਲ ਮੀਡੀਆ ਯੂਜ਼ਰਸ ਨੇ ਦੋਸ਼ ਲਗਾਇਆ ਹੈ ਕਿ ਅਰਸ਼ਦੀਪ ਦੇ ਇੱਕ ਤਾਜ਼ਾ ਵਲੌਗ ਵਿਚ ਚਾਹਲ ਜਹਾਜ਼ ਦੇ ਅੰਦਰ ਈ-ਸਿਗਰੇਟ ਦੀ ਵਰਤੋਂ ਕਰ ਰਹੇ ਹਨ। ਇਹ ਘਟਨਾ ਉਸ ਸਮੇਂ ਦੀ ਦੱਸੀ ਜਾ ਰਹੀ ਹੈ, ਜਦੋਂ ਟੀਮ ਅਹਿਮਦਾਬਾਦ ਤੋਂ ਹੈਦਰਾਬਾਦ ਜਾ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਚਾਹਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਪੂਰਾ ਧਿਆਨ ਆਪਣੀ ਫਿਟਨੈਸ ‘ਤੇ ਹੈ।
ਆਈ.ਪੀ.ਐੱਲ. ਵਿਚ ਕਿਸੇ ਖਿਡਾਰੀ ਦਾ ਵੇਪਿੰਗ ਵਿਵਾਦ ਵਿਚ ਫਸਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਹਾਲ ਹੀ ਵਿਚ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਮੁੱਲਾਂਪੁਰ ਵਿਚ ਪੰਜਾਬ ਕਿੰਗਜ਼ ਦੇ ਖਿਲਾਫ ਮੈਚ ਦੌਰਾਨ ਡਰੈਸਿੰਗ ਰੂਮ ਵਿਚ ਵੇਪ ਦੀ ਵਰਤੋਂ ਕਰਦੇ ਹੋਏ ਕੈਮਰੇ ਵਿਚ ਕੈਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ। ਅਰਸ਼ਦੀਪ ਸਿੰਘ ਅਕਸਰ ਆਪਣੀਆਂ ਮਜ਼ਾਕੀਆ ਵੀਡੀਓਜ਼ ਕਾਰਨ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ, ਪਰ ਹੁਣ ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣਾ ਪਵੇਗਾ।
ਬੀ.ਸੀ.ਸੀ.ਆਈ. ਵੱਲੋਂ ਅਰਸ਼ਦੀਪ ਸਿੰਘ ਦੇ ਵਲੌਗ ਬਣਾਉਣ ‘ਤੇ ਰੋਕ

