#CANADA

ਸਰੀ ‘ਚ ਗੋਲੀ ਮਾਰ ਕੇ ਪੰਜਾਬੀ ਕਾਰੋਬਾਰੀ ਦਾ ਕਤਲ

ਸਰੀ, 7 ਮਈ (ਪੰਜਾਬ ਮੇਲ)-  ਸਰੀ ਦੇ ਬਿਜ਼ਨਸ ਸੈਂਟਰ ਵਿਚ ਆਪਣੇ ਦਫ਼ਤਰ ‘ਚ ਬੈਠੇ ਕਾਰੋਬਾਰੀ 30 ਸਾਲਾ ਸਤਬੀਰ ਸਿੰਘ ਵੜਿੰਗ ਉਰਫ਼ ਸੈਮ ਕੈਨੇਡਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਦੇ ਗਰੋਹ ਨੇ ਲਈ ਹੈ।
ਗਰੋਹ ਨੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸੈਮ ਕੈਨੇਡਾ ਨੂੰ ਲਾਰੈਂਸ ਬਿਸ਼ਨੋਈ ਗਰੋਹ ਦਾ ਕਰੀਬੀ ਦੱਸਿਆ ਹੈ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਕਿਹਾ ਕਿ ਮਾਮਲਾ ਫ਼ਿਰੌਤੀ ਨਾਲ ਸਬੰਧਤ ਨਹੀਂ ਲੱਗਦਾ।
ਪੁਲਿਸ ਅਨੁਸਾਰ ਉਹ ਮ੍ਰਿਤਕ ਦੇ ਪਰਿਵਾਰ ਤੋਂ ਉਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ, ਤਾਂ ਕਿ ਉਸ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸੈਮ ਦਾ ਬਿਜ਼ਨਸ ਸੈਂਟਰ ਵਿਚ ਦਫ਼ਤਰ ਸੀ, ਜਿੱਥੇ ਉਹ ਇਮੀਗ੍ਰੇਸ਼ਨ, ਪ੍ਰਾਪਰਟੀ ਡੀਲਰ ਅਤੇ ਹੋਰ ਕੰਮ ਕਰਦਾ ਸੀ।