#INDIA

ਰਾਹੁਲ ਗਾਂਧੀ ਵਿਰੁੱਧ ਚੱਲ ਰਹੇ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ

-17 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ
ਨਵੀਂ ਦਿੱਲੀ, 7 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਚੱਲ ਰਹੇ ਮਾਣਹਾਨੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੀ ਸਾਂਸਦ-ਐੱਮ.ਐੱਲ.ਏ. ਅਦਾਲਤ ਵਿਚ ਮੁਲਤਵੀ ਕਰ ਦਿੱਤੀ ਗਈ। ਇਸ ਮਾਮਲੇ ਵਿਚ ਸੁਣਵਾਈ ਦੀ ਅਗਲੀ ਤਰੀਕ 17 ਅਪ੍ਰੈਲ ਨਿਰਧਾਰਤ ਕੀਤੀ ਗਈ ਹੈ। ਇਹ ਜਾਣਕਾਰੀ ਮਾਮਲੇ ਨਾਲ ਜੁੜੇ ਇੱਕ ਵਕੀਲ ਨੇ ਦਿੱਤੀ। ਸੁਣਵਾਈ ਇਸ ਲਈ ਮੁਲਤਵੀ ਕਰ ਦਿੱਤੀ ਗਈ, ਕਿਉਂਕਿ ਮੁੱਦਈ ਵਿਜੇ ਮਿਸ਼ਰਾ ਦੇ ਵਕੀਲ ਸੰਤੋਸ਼ ਕੁਮਾਰ ਪਾਂਡੇ ਪੇਸ਼ੇਵਰ ਰੁਝੇਵਿਆਂ ਕਾਰਨ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ।
ਪਾਂਡੇ ਨੇ ਕਿਹਾ ਕਿ ਉਹ ਨਿੱਜੀ ਕੰਮ ਵਿਚ ਰੁੱਝੇ ਹੋਣ ਕਾਰਨ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਵਿਜੇ ਮਿਸ਼ਰਾ ਨੇ ਇਹ ਸ਼ਿਕਾਇਤ ਅਕਤੂਬਰ 2018 ਵਿਚ ਦਾਇਰ ਕੀਤੀ ਸੀ। ਇਹ ਮਾਮਲਾ 2018 ਵਿਚ ਕਰਨਾਟਕ ਚੋਣ ਪ੍ਰਚਾਰ ਦੌਰਾਨ ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਤੋਂ ਪੈਦਾ ਹੋਇਆ ਹੈ। ਇਨ੍ਹਾਂ ਟਿੱਪਣੀਆਂ ਤੋਂ ਬਾਅਦ ਸੁਲਤਾਨਪੁਰ ਦੇ ਨਿਵਾਸੀ ਮਿਸ਼ਰਾ ਨੇ ਮੁਕੱਦਮਾ ਦਾਇਰ ਕੀਤਾ। ਇਸ ਮਾਮਲੇ ਦੇ ਸੰਬੰਧ ਵਿਚ ਰਾਹੁਲ ਗਾਂਧੀ ਨੇ 20 ਫਰਵਰੀ, 2024 ਨੂੰ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਸੀ।
ਵਿਸ਼ੇਸ਼ ਜੱਜ ਨੇ ਉਨ੍ਹਾਂ ਨੂੰ 25,000 ਰੁਪਏ ਦੇ ਦੋ ਨਿੱਜੀ ਮੁਚਲਕੇ ਭਰਨ ‘ਤੇ ਜ਼ਮਾਨਤ ਦੇ ਦਿੱਤੀ। ਇਸ ਤੋਂ ਬਾਅਦ 26 ਜੁਲਾਈ, 2024 ਨੂੰ ਰਾਹੁਲ ਗਾਂਧੀ ਆਪਣਾ ਬਿਆਨ ਦਰਜ ਕਰਵਾਉਣ ਲਈ ਦੁਬਾਰਾ ਅਦਾਲਤ ਵਿਚ ਪੇਸ਼ ਹੋਏ, ਆਪਣੀ ਬੇਗੁਨਾਹੀ ਦਾ ਦਾਅਵਾ ਕੀਤਾ। ਉਨ੍ਹਾਂ ਨੇ ਇਸ ਮਾਮਲੇ ਨੂੰ ”ਰਾਜਨੀਤਿਕ ਸਾਜ਼ਿਸ਼” ਕਰਾਰ ਦਿੱਤਾ। ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਅਦਾਲਤ ਨੇ ਮੁੱਦਈ ਪੱਖ ਨੂੰ ਆਪਣੇ ਸਬੂਤ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ, ਉਦੋਂ ਤੋਂ ਗਵਾਹ ਲਗਾਤਾਰ ਅਦਾਲਤ ਵਿਚ ਪੇਸ਼ ਹੋ ਰਹੇ ਹਨ।