ਸ੍ਰੀ ਆਨੰਦਪੁਰ ਸਾਹਿਬ, 18 ਮਾਰਚ (ਪੰਜਾਬ ਮੇਲ)- ਸੰਨੀ ਓਬਰਾਏ ਵਿਵੇਕ ਸਦਨ ਸ੍ਰੀ ਆਨੰਦਪੁਰ ਸਾਹਿਬ ਵਿਚ ‘ਤਹਾਂ ਬਸਤ ਗੋਬਿੰਦ ਸਿੰਘ ਧਰਮ ਧੁਰੰਦਰ ਧੀਰ’ ਵਿਸ਼ੇ ‘ਤੇ ਚੱਲ ਰਹੀ ਦੋ ਰੋਜ਼ਾ ਕਾਨਫਰੰਸ ਵਿਦਾਇਗੀ ਸੈਸ਼ਨ ਦੌਰਾਨ ਵਿਸਾਖੀ ਮੌਕੇ ਦੋ ਰੋਜ਼ਾ ਵੂਮੈਨ ਕਾਨਫਰੰਸ ਕਰਵਾਉਣ ਦੇ ਐਲਾਨ ਨਾਲ ਸਮਾਪਤ ਹੋ ਗਈ। ਕਾਨਫਰੰਸ ਦੀ ਅਗਵਾਈ ਡਾ. ਐੱਸ.ਪੀ ਸਿੰਘ ਓਬਰਾਏ ਨੇ ਕੀਤੀ, ਜਦਕਿ ਸੈਸ਼ਨ ਦੀ ਪ੍ਰਧਾਨਗੀ ਭਵਿੱਖੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਨੇ ਕੀਤੀ।
ਵਿਦਾਇਗੀ ਸੈਸ਼ਨ ਵਿਚ ਬਾਬਾ ਲਖਬੀਰ ਸਿੰਘ ਰਤਵਾੜਾ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਭਾਈ ਗੁਰਦਾਸ ਦੀਆਂ ਵਾਰਾਂ ਦਾ ਹਵਾਲਾ ਦਿੰਦਿਆਂ ਗੁਰਮੁਖ ਪੁਰਸ਼ ਦੀ ਅਵਸਥਾ ਬਾਰੇ ਵਿਚਾਰ ਸਾਂਝੇ ਕੀਤੇ। ਕਾਨਫਰੰਸ ਦਾ ਕੇਂਦਰੀ ਭਾਸ਼ਣ ਡਾ. ਜਸਪਾਲ ਕੌਰ (ਪ੍ਰੋਫੈਸਰ ਆਫ ਐਮੀਨੈਂਸ) ਨੇ ਦਿੱਤਾ, ਜਦਕਿ ਕੌਮਾਂਤਰੀ ਮਨੋਵਿਗਿਆਨਕ ਪ੍ਰੋਫੈਸਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਡਾ. ਕਾਂਗ ਨੇ ਭਾਸ਼ਣ ਵਿਚ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਨੂੰ ਇਤਿਹਾਸਕ ਤੱਥਾਂ ਨਾਲ ਰੌਸ਼ਨ ਕੀਤਾ। ਮਨੋਚਿਕਿਤਸਕ ਡਾ. ਨੈਨਾ ਸ਼ਰਮਾ ਨੇ ਆਨੰਦਪੁਰ ਸਾਹਿਬ ਨੂੰ ਭਾਰਤ ਦੀ ਮਰ ਰਹੀ ਚੇਤਨਾ ਨੂੰ ਪੁਨਰ ਜਗਾਉਣ ਵਾਲਾ ਮਨੋਵਿਗਿਆਨਕ ਕੇਂਦਰ ਕਰਾਰ ਦਿੰਦਿਆਂ ਔਰਤਾਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਸਬੰਧੀ ਦੋ ਰੋਜ਼ਾ ਵਰਕਸ਼ਾਪ ਕਰਨ ਦੀ ਇੱਛਾ ਪ੍ਰਗਟਾਈ। ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਮੁਫ਼ਤ ਅਕਾਦਮਿਕ ਸੰਸਥਾ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਭਵਿੱਖੀ ਯੂਨੀਵਰਸਿਟੀ ਦੇ ਗਠਨ ਨਾਲ ਸਾਕਾਰ ਹੋਇਆ ਹੈ। ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਬਿਨਾਂ ਫੀਸ ਦੇ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਸੈਸ਼ਨ ਵਿਚ ਡਾ. ਅਵਨੀਸ਼ ਕੌਰ ਅਤੇ ਡਾ. ਰਾਮਿੰਦਰਜੀਤ ਨੇ ਹਿੱਸਾ ਲਿਆ, ਜਦਕਿ ਧੰਨਵਾਦੀ ਮਤਾ ਭਾਈ ਡਾ. ਸੁਖਵਿੰਦਰ ਸਿੰਘ ਨੇ ਪੇਸ਼ ਕੀਤਾ।
ਸੰਨੀ ਓਬਰਾਏ ਵਿਵੇਕ ਸਦਨ ‘ਚ ਦੋ ਰੋਜ਼ਾ ਕਾਨਫਰੰਸ ਸਮਾਪਤ

