ਪੱਛਮੀ ਬੰਗਾਲ ‘ਚ ਦੋ ਗੇੜਾਂ ‘ਚ ਹੋਵੇਗੀ ਪੋਲਿੰਗ; ਅਸਾਮ, ਕੇਰਲਾ, ਤਾਮਿਲ ਨਾਡੂ ਤੇ ਪੁੱਡੂਚੇਰੀ ‘ਚ ਇੱਕੋ ਗੇੜ ਤਹਿਤ ਪੈਣਗੀਆਂ ਵੋਟਾਂ
ਨਵੀਂ ਦਿੱਲੀ, 16 ਮਾਰਚ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਚਾਰ ਰਾਜਾਂ (ਅਸਾਮ, ਕੇਰਲਾ, ਪੱਛਮੀ ਬੰਗਾਲ ਤੇ ਤਾਮਿਲਨਾਡੂ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ‘ਚ ਅਸੈਂਬਲੀ ਚੋਣਾਂ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ, ਕੇਰਲਾ ਤੇ ਪੁੱਡੂਚੇਰੀ ਵਿਚ ਇਕਹਿਰੇ ਗੇੜ ਤਹਿਤ 9 ਅਪ੍ਰੈਲ ਨੂੰ ਪੋਲਿੰਗ ਹੋਵੇਗੀ। ਪੱਛਮੀ ਬੰਗਾਲ ਵਿਚ 23 ਤੇ 29 ਅਪ੍ਰੈਲ ਨੂੰ ਦੋ ਗੇੜਾਂ ਵਿਚ ਵੋਟਾਂ ਪੈਣਗੀਆਂ, ਜਦੋਂਕਿ ਤਾਮਿਲਨਾਡੂ ਵਿਚ 23 ਅਪ੍ਰੈਲ ਨੂੰ ਇਕੋ ਗੇੜ ‘ਚ ਵੋਟਿੰਗ ਹੋਵੇਗੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪ੍ਰੈੱਸ ਕਾਨਰਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 4 ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੁੱਲ 824 ਸੀਟਾਂ ਲਈ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ। ਚੋਣਾਂ ਦੇ ਐਲਾਨ ਨਾਲ ਚੋਣ ਜ਼ਾਬਤਾ ਫੌਰੀ ਅਮਲ ਵਿਚ ਆ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੋ ਚੋਣ ਕਮਿਸ਼ਨਰਾਂ- ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਦੀ ਮੌਜੂਦਗੀ ਵਿਚ ਕਿਹਾ, ”ਅਸਾਮ ਦੀਆਂ ਸਾਰੀਆਂ ਸੀਟਾਂ ਲਈ 9 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਪੱਛਮੀ ਬੰਗਾਲ ਵਿਚ 23 ਅਪ੍ਰੈਲ ਤੇ 29 ਅਪ੍ਰੈਲ ਨੂੰ ਦੋ ਗੇੜਾਂ ਵਿਚ ਵੋਟਾਂ ਪੈਣਗੀਆਂ। ਕੇਰਲਾ ਤੇ ਪੁੱਡੂਚੇਰੀ ਦੀਆਂ ਸਾਰੀਆਂ ਸੀਟਾਂ ਲਈ 9 ਅਪ੍ਰੈਲ, ਜਦੋਂਕਿ ਤਾਮਿਲਨਾਡੂ ਵਿਚ 23 ਅਪ੍ਰੈਲ ਨੂੰ ਪੋਲਿੰਗ ਹੋਵੇਗੀ। ਚੋਣਾਂ ਹਿੰਸਾ ਜਾਂ ਦਬਾਅ ਮੁਕਤ ਹੋਣਗੀਆਂ ਤੇ ਚੋਣ ਕਮਿਸ਼ਨ ਕਿਸੇ ਵੀ ਉਲੰਘਣਾ ਖਿਲਾਫ਼ ਸਖ਼ਤ ਕਾਰਵਾਈ ਕਰੇਗਾ।”
ਤਾਮਿਲਨਾਡੂ ਵਿਚ ਕੁੱਲ 234 ਅਸੈਂਬਲੀ ਸੀਟਾਂ ਹਨ, ਜਿੱਥੇ ਡੀ.ਐੱਮ.ਕੇ. ਆਗੂ ਐੱਮ.ਕੇ. ਸਟਾਲਿਨ 7 ਮਈ 2021 ਤੋਂ ਮੁੱਖ ਮੰਤਰੀ ਹਨ। ਪੱਛਮੀ ਬੰਗਾਲ ਅਸੈਂਬਲੀ ਵਿਚ 294 ਅਸੈਂਬਲੀ ਸੀਟਾਂ ਹਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਸਾਲ 2011 ਤੋਂ ਇਥੇ ਸੱਤਾ ਵਿਚ ਹੈ। 140 ਮੈਂਬਰੀ ਕੇਰਲਾ ਅਸੈਂਬਲੀ ਵਿਚ ਖੱਬੇਪੱਖੀ ਆਗੂ ਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੀ ਅਗਵਾਈ ਹੇਠ 2016 ਤੋਂ ਖੱਬੇ ਜਮਹੂਰੀ ਮੋਰਚੇ (ਐੱਲ.ਡੀ.ਐੱਫ.) ਦੀ ਸਰਕਾਰ ਹੈ। ਅਸਾਮ ਵਿਚ 126 ਅਸੈਂਬਲੀ ਸੀਟਾਂ ਹਨ ਤੇ ਉੱਤਰ-ਪੂਰਬੀ ਰਾਜ ਵਿਚ 2016 ਤੋਂ ਭਾਜਪਾ ਸੱਤਾ ‘ਚ ਹੈ। ਹਿਮੰਤਾ ਬਿਸਵਾ ਸਰਮਾ 2021 ਤੋਂ ਮੁੱਖ ਮੰਤਰੀ ਹਨ। ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ. ਰੰਗਾਸਾਮੀ 2021 ਤੋਂ ਸੱਤਾ ਵਿਚ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਕੁੱਲ 33 ਸੀਟਾਂ ਹਨ। ਇਨ੍ਹਾਂ ਵਿਚ ਕੇਂਦਰ ਸਰਕਾਰ ਵੱਲੋਂ ਨਾਮਜ਼ਦ ਤਿੰਨ ਮੈਂਬਰ ਵੀ ਸ਼ਾਮਲ ਹਨ।
ਚੋਣ ਕਮਿਸ਼ਨ ਵੱਲੋਂ 4 ਸੂਬਿਆਂ ਤੇ ਪੁੱਡੂਚੇਰੀ ‘ਚ ਚੋਣਾਂ ਦਾ ਐਲਾਨ

