#AMERICA

ਅਮਰੀਕਾ ‘ਚ ਗੈਰ-ਕਾਨੂੰਨੀ ਰਹਿ ਰਹੇ 11 ਭਾਰਤੀ ਨਾਗਰਿਕਾਂ ‘ਤੇ ਵੀਜ਼ਾ ਧੋਖਾਧੜੀ ਦੇ ਗੰਭੀਰ ਦੋਸ਼

-ਗਰੀਨ ਕਾਰਡ ਲਈ ਰਚੀ ਸੀ ‘ਫਰਜ਼ੀ ਲੁੱਟ’ ਦੀ ਸਾਜ਼ਿਸ਼
-ਯੂ ਵੀਜ਼ਾ ਹਾਸਲ ਕਰਨ ਦੇ ਮਕਸਦ ਨਾਲ ਹਥਿਆਰਬੰਦ ਲੁੱਟ ਦਾ ਡਰਾਮਾ ਕਰਕੇ ਬਣਦੇ ਸਨ ‘ਨਕਲੀ ਪੀੜਤ’
ਨਿਊਯਾਰਕ, 14 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 11 ਭਾਰਤੀ ਨਾਗਰਿਕਾਂ ‘ਤੇ ਵੀਜ਼ਾ ਧੋਖਾਧੜੀ ਦੇ ਗੰਭੀਰ ਦੋਸ਼ ਲੱਗੇ ਹਨ। ਵਕੀਲਾਂ ਅਨੁਸਾਰ, ਇਨ੍ਹਾਂ ਵਿਅਕਤੀਆਂ ਨੇ ਗਰੀਨ ਕਾਰਡ ਹਾਸਲ ਕਰਨ ਲਈ ਸਟੋਰਾਂ ਵਿਚ ‘ਫਰਜ਼ੀ ਹਥਿਆਰਬੰਦ ਲੁੱਟਾਂ’ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਸਕੀਮ ਦਾ ਮਕਸਦ ਸਟੋਰ ਕਲਰਕਾਂ ਨੂੰ ਅਪਰਾਧ ਦੇ ‘ਨਕਲੀ ਪੀੜਤ’ ਦਿਖਾ ਕੇ ‘ਯੂ-ਵੀਜ਼ਾ’ ਲਈ ਅਪਲਾਈ ਕਰਵਾਉਣਾ ਸੀ, ਜੋ ਕਿ ਹਿੰਸਕ ਅਪਰਾਧਾਂ ਦੇ ਪੀੜਤਾਂ ਨੂੰ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।
ਦੋਸ਼ੀਆਂ ਵਿਚ ਜਿਤੇਂਦਰ ਕੁਮਾਰ ਪਟੇਲ, ਮਹੇਸ਼ ਕੁਮਾਰ ਪਟੇਲ ਅਤੇ ਸੰਜੇ ਕੁਮਾਰ ਪਟੇਲ ਸਮੇਤ ਕੁੱਲ 11 ਲੋਕ ਸ਼ਾਮਲ ਹਨ, ਜੋ ਮੈਸਾਚਿਉਸੇਟਸ, ਕੇਨਟਕੀ ਅਤੇ ਓਹਾਇਓ ਵਰਗੇ ਸੂਬਿਆਂ ਵਿਚ ਰਹਿ ਰਹੇ ਸਨ।
ਜਾਂਚ ਮੁਤਾਬਕ, ਇਹ ਲੋਕ ਸਟੋਰ ਮਾਲਕਾਂ ਨੂੰ ਪੈਸੇ ਦੇ ਕੇ ਉੱਥੇ ਨਕਲੀ ਲੁੱਟ ਦਾ ਨਾਟਕ ਕਰਵਾਉਂਦੇ ਸਨ, ਜਿਸ ਵਿਚ ਇੱਕ ‘ਲੁਟੇਰਾ’ ਹਥਿਆਰ ਦਿਖਾ ਕੇ ਗੋਲਕ ਵਿਚੋਂ ਨਕਦੀ ਲੈ ਕੇ ਫ਼ਰਾਰ ਹੋ ਜਾਂਦਾ ਸੀ ਅਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਜਾਂਦੀ ਸੀ। ਇਸ ਤੋਂ ਬਾਅਦ ਇਹ ‘ਪੀੜਤ’ ਪੁਲਿਸ ਕੋਲ ਝੂਠੀ ਰਿਪੋਰਟ ਦਰਜ ਕਰਵਾਉਂਦੇ ਸਨ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਇੱਕ ਮਹਿਲਾ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਹੈ। ਦੋਸ਼ ਸਾਬਤ ਹੋਣ ‘ਤੇ ਇਨ੍ਹਾਂ ਨੂੰ 5 ਸਾਲ ਤੱਕ ਦੀ ਕੈਦ ਅਤੇ 2.5 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।