ਵਾਸ਼ਿੰਗਟਨ, 13 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਐੱਨ.ਐੱਸ.ਏ. ਜੌਨ ਬੋਲਟਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਰਾਨ ਨੀਤੀ ਦੀ ਸਖ਼ਤ ਨਿਖੇਧੀ ਕੀਤੀ ਹੈ। ਬੋਲਟਨ ਦਾ ਮੰਨਣਾ ਹੈ ਕਿ ਟਰੰਪ ਨੇ ਇਰਾਨ ਦੇ ਹਾਲਾਤ ਨੂੰ ਸਮਝਣ ਵਿਚ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟਰੰਪ ਸ਼ਾਇਦ ਇਹ ਸੋਚ ਰਹੇ ਸਨ ਕਿ ਉਹ ਇਰਾਨ ਵਿਚ ਵੀ ਉਸੇ ਤਰ੍ਹਾਂ ਸੱਤਾ ਬਦਲ ਦੇਣਗੇ, ਜਿਵੇਂ ਉਨ੍ਹਾਂ ਨੇ ਵੈਨੇਜ਼ੁਏਲਾ ਵਿਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੋਲਟਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਰਾਨ ਅਤੇ ਵੈਨੇਜ਼ੁਏਲਾ ਦੇ ਹਾਲਾਤ ਬਿਲਕੁਲ ਵੱਖਰੇ ਹਨ ਅਤੇ ਇਰਾਨ ਨੂੰ ਵੈਨੇਜ਼ੁਏਲਾ ਸਮਝਣਾ ਟਰੰਪ ਦੀ ਵੱਡੀ ਭੁੱਲ ਹੈ।
ਇਰਾਨ ਵਿਰੁੱਧ ਜਾਰੀ ਫ਼ੌਜੀ ਮੁਹਿੰਮ ਦੌਰਾਨ ਅਮਰੀਕਾ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਅਮਰੀਕੀ ਹਵਾਈ ਫ਼ੌਜ ਦਾ ਇੱਕ ‘ਰੀਫਿਊਲਿੰਗ’ (ਤੇਲ ਭਰਨ ਵਾਲਾ) ਜਹਾਜ਼ ਪੱਛਮੀ ਇਰਾਕ ਦੇ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਸੈਂਟਰਲ ਕਮਾਂਡ (CENTCOM) ਵੱਲੋਂ ਜਾਰੀ ਬਿਆਨ ਅਨੁਸਾਰ, ਕੇਸੀ-135 ਕਿਸਮ ਦਾ ਇਹ ਜਹਾਜ਼ ਆਪਣੇ ਸਾਥੀ ਜਹਾਜ਼ ਨਾਲ ਉਡਾਣ ‘ਤੇ ਸੀ, ਜਿਸ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵੇਲੇ ਜਹਾਜ਼ ਵਿਚ ਘੱਟੋ-ਘੱਟ ਪੰਜ ਕਰੂ ਮੈਂਬਰ ਸਵਾਰ ਸਨ। ਹਾਲਾਂਕਿ ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਾਦਸਾ ਕਿਸੇ ਦੁਸ਼ਮਣ ਦੀ ਗੋਲੀਬਾਰੀ ਜਾਂ ‘ਫ੍ਰੈਂਡਲੀ ਫਾਇਰ’ ਕਾਰਨ ਨਹੀਂ ਵਾਪਰਿਆ, ਪਰ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਲਾਪਤਾ ਕਰੂ ਮੈਂਬਰਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਇਰਾਨ ਨੂੰ ਵੈਨੇਜ਼ੁਏਲਾ ਸਮਝਣਾ ਟਰੰਪ ਦੀ ਵੱਡੀ ਭੁੱਲ: ਜੌਨ ਬੋਲਟਨ

