#world

West Asia Conflict: ਅਮਰੀਕਾ ਵੱਲੋਂ ਇਰਾਨ ’ਤੇ ਜ਼ਬਰਦਸਤ ਹਮਲੇ; ਤੇਲ ਦੀਆਂ ਕੀਮਤਾਂ ’ਚ ਵਾਧਾ

ਇਰਾਨ, 13 ਮਾਰਚ (ਪੰਜਾਬ ਮੇਲ)-   ਇਰਾਨ ਵਿਰੁੱਧ ਜਾਰੀ ਫ਼ੌਜੀ ਮੁਹਿੰਮ ਦੌਰਾਨ ਅਮਰੀਕਾ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਮਰੀਕੀ ਹਵਾਈ ਫ਼ੌਜ ਦਾ ਇੱਕ ‘ਰੀਫਿਊਲਿੰਗ’ (ਤੇਲ ਭਰਨ ਵਾਲਾ) ਜਹਾਜ਼ ਪੱਛਮੀ ਇਰਾਕ ਦੇ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਸੈਂਟਰਲ ਕਮਾਂਡ (CENTCOM) ਵੱਲੋਂ ਜਾਰੀ ਬਿਆਨ ਅਨੁਸਾਰ, KC-135 ਕਿਸਮ ਦਾ ਇਹ ਜਹਾਜ਼ ਆਪਣੇ ਸਾਥੀ ਜਹਾਜ਼ ਨਾਲ ਉਡਾਣ ’ਤੇ ਸੀ, ਜਿਸ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵੇਲੇ ਜਹਾਜ਼ ਵਿੱਚ ਘੱਟੋ-ਘੱਟ ਪੰਜ ਕਰੂ ਮੈਂਬਰ ਸਵਾਰ ਸਨ। ਹਾਲਾਂਕਿ ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਾਦਸਾ ਕਿਸੇ ਦੁਸ਼ਮਣ ਦੀ ਗੋਲੀਬਾਰੀ ਜਾਂ ‘ਫ੍ਰੈਂਡਲੀ ਫਾਇਰ’ ਕਾਰਨ ਨਹੀਂ ਵਾਪਰਿਆ, ਪਰ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਲਾਪਤਾ ਕਰੂ ਮੈਂਬਰਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਇਰਾਨ ਅਤੇ ਇਜ਼ਰਾਈਲ ਵਿਚਾਲੇ ਸ਼ੁਰੂ ਹੋਈ ਜੰਗ ਤੋਂ ਬਾਅਦ ਇਹ ਚੌਥਾ ਅਮਰੀਕੀ ਜਹਾਜ਼ ਹੈ ਜੋ ਹਾਦਸੇ ਦਾ ਸ਼ਿਕਾਰ ਹੋਇਆ ਹੈ। ਬੀਤੇ ਹਫ਼ਤੇ ਵੀ ਕੁਵੈਤ ਵਿੱਚ ਅਮਰੀਕਾ ਦੇ ਤਿੰਨ ਲੜਾਕੂ ਜਹਾਜ਼ ਗਲਤੀ ਨਾਲ ਹੋਈ ਗੋਲੀਬਾਰੀ ਵਿੱਚ ਡਿੱਗ ਗਏ ਸਨ। ਪੈਂਟਾਗਨ ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਜੰਗ ਵਿੱਚ ਹੁਣ ਤੱਕ 7 ਅਮਰੀਕੀ ਸੈਨਿਕ ਹਲਾਕ ਹੋ ਚੁੱਕੇ ਹਨ ਅਤੇ 140 ਦੇ ਕਰੀਬ ਜ਼ਖ਼ਮੀ ਹਨ। ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ (Pete Hegseth) ਨੇ ਖ਼ਦਸ਼ਾ ਜਤਾਇਆ ਹੈ ਕਿ ਜੰਗ ਲੰਬੀ ਖਿੱਚਣ ਕਾਰਨ ਅਮਰੀਕੀ ਜਾਨੀ ਨੁਕਸਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ। ਮਾਹਰਾਂ ਅਨੁਸਾਰ 60 ਸਾਲ ਪੁਰਾਣੇ ਡਿਜ਼ਾਈਨ ਵਾਲੇ ਇਨ੍ਹਾਂ KC-135 ਟੈਂਕਰਾਂ ਦੀ ਵਰਤੋਂ ਹੁਣ ਖ਼ਤਰਨਾਕ ਸਾਬਤ ਹੋ ਰਹੀ ਹੈ।