#CANADA

ਕਾਫ਼ਲੇ ਵੱਲੋਂ ਪਰਵਿੰਦਰ ਗੋਗੀ ਦੀ ਕਿਤਾਬ ਰਲੀਜ਼ ਅਤੇ ਮਾਤ ਭਾਸ਼ਾ ਦਿਵਸ ‘ਤੇ ਗੱਲਬਾਤ ਹੋਈ

ਬਰੈਂਪਟਨ, 11 ਮਾਰਚ (ਕੁਲਵਿੰਦਰ ਖਹਿਰਾ/ਪੰਜਾਬ ਮੇਲ)- ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ ਦੌਰਾਨ ਜਿੱਥੇ ਪੰਜਾਬੀ ਸ਼ਾਇਰਾ ਪਰਵਿੰਦਰ ਗੋਗੀ ਦੀ ਕਾਵਿ ਪੁਸਤਕ ‘ਸੁਖ਼ਨ ਲੋਅ’ ਲੋਕ ਅਰਪਨ ਕੀਤੀ ਗਈ, ਓਥੇ ਡਾ. ਨਾਹਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਸੰਭਾਵਨਾਵਾਂ ‘ਤੇ ਵਿਚਾਰ ਪੇਸ਼ ਕੀਤੇ ਗਏ।
ਪਰਵਿੰਦਰ ਗੋਗੀ ਦੀ ਕਿਤਾਬ ਰਿਲੀਜ਼ ਕਰਦਿਆਂ ਸੁਰਜੀਤ ਕੌਰ ਅਤੇ ਪਰਮਜੀਤ ਦਿਓਲ ਵੱਲੋਂ ਪੇਪਰ ਪੜ੍ਹੇ ਗਏ, ਕੁਲਵਿੰਦਰ ਖਹਿਰਾ, ਪਿਆਰ ਸਿੰਘ ਕੁੱਦੋਵਾਲ਼ ਅਤੇ ਬਲਰਾਜ ਧਾਲੀਵਾਲ਼ ਵੱਲੋਂ ਵਿਚਾਰ ਪੇਸ਼ ਕੀਤੇ ਗਏ ਅਤੇ ਭੁਪਿੰਦਰ ਦੁਲੇ ਵੱਲੋਂ ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸੈਸ਼ਨ ਦਾ ਸਾਰਅੰਸ਼ ਪੇਸ਼ ਕੀਤਾ ਗਿਆ।
ਮੀਟਿੰਗ ਦੀ ਸ਼ੁਰੂਆਤ ਰਿੰਟੂ ਭਾਟੀਆ ਵੱਲੋਂ ਪਰਵਿੰਦਰ ਗੋਗੀ ਦੀ ਕਿਤਾਬ ਵਿਚਲੀ ਕਾਫੀ ‘ਮੁਰਸ਼ਦ’ ਦੇ ਗਾਇਨ ਨਾਲ਼ ਹੋਈ, ਜਿਸ ਉਪਰੰਤ ਕਿਤਾਬ ਬਾਰੇ ਬੋਲਦਿਆਂ ਪਰਮਜੀਤ ਦਿਓਲ ਨੇ ‘ਦਰਦ, ਦੇਸ ਅਤੇ ਦਰਮਿਆਨੇ ਰਾਹਾਂ ਦੀ ਕਵਿਤਾ’ ਦੇ ਸਿਰਲੇਖ ਹੇਠ ਕਿਤਾਬ ਵਿਚਲੀਆਂ ਕਵਿਤਾਵਾਂ ਦੀ ਪ੍ਰਕਿਰਤੀ ਪੇਸ਼ ਕੀਤੀ ਅਤੇ ਕਿਹਾ ਕਿ ਗੋਗੀ ਨੇ ‘ਲੋਕ ਬਿੰਬਾਂ’ ਰਾਹੀਂ ਗਹਿਰੇ ਸੱਚ ਦੇ ਅਨੁਭਵ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਗੋਗੀ ਦੀ ਕਵਿਤਾ ਵਿਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੁਦਰਤ ਨਾਲ਼ ਇੱਕ-ਮਿਕ ਹੋ ਕੇ ਉਸਦੇ ਗਹਿਰੇ ਅਨੁਭਵ ਬਿਨਾਂ ਕਵੀ ਹੋਣਾ ਬਹੁਤ ਮੁਸ਼ਕਲ ਹੈ। ਇਸਤੋਂ ਬਿਨਾਂ ਪਰਮਜੀਤ ਨੇ ਕਿਤਾਬ ਵਿਚਲੇ ਰੂਹਾਨੀ, ਸਿਆਸੀ, ਸੱਭਿਅਚਾਰਕ ਅਤੇ ਔਰਤ ਦੇ ਹੱਕਾਂ ਪ੍ਰਤੀ ਪੱਖਾਂ ਦੀ ਗੱਲ ਕੀਤੀ।
ਸੁਰਜੀਤ ਕੌਰ ਨੇ ‘ਸੁਪਨ ਲੋਅ ਦੀ ਪੜ੍ਹਤ ਦੌਰਾਨ’ ਸਿਰਲੇਖ ਹੇਠ ਪੇਪਰ ਪੜ੍ਹਦਿਆਂ ‘ਸੁਖ਼ਨ’ ਸ਼ਬਦ ਦੀ ਪਰਿਭਾਸ਼ਾ ਕਰਦਿਆਂ ਕਿਹਾ ਕਿ ਕਿਤਾਬ ਦੇ ਨਾਂ ਤੋਂ ਹੀ ਉਜਾਗਰ ਹੋ ਜਾਂਦਾ ਹੈ ਕਿ ਪਾਠਕ ਦਾ ਆਭਾਸ ਅਧਿਆਤਮਕ ਭਾਵਨਾ ਵਾਲ਼ੇ ਕਾਵਿ ਦੇ ਪ੍ਰਕਾਸ਼ ਵਿਚ ਉਤਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੇਖਿਕਾ ਦੇ ਅਵਚੇਤਨ ‘ਚੋਂ ਨਿਕਲ਼ੇ ਮੈਟਾਫ਼ਰ ਪਾਠਕ ਨੂੰ ਬਹੁਤ ਟੁੰਬਦੇ ਹਨ। ਕਿਤਾਬ ਵਿਚਲੀ ‘ਸੀ-ਹਰਫ਼ੀ’ ਦਾ ਜ਼ਿਕਰ ਕਰਦਿਆਂ ਜਿੱਥੇ ਸੁਰਜੀਤ ਕੌਰ ਨੇ ਸੰਖੇਪ ਵਿਚ ‘ਸੀ-ਹਰਫ਼ੀ’ ਦੇ ਰੂਪ ਅਤੇ ਇਤਿਹਾਸ ਬਿਆਨ ਕੀਤਾ, ਓਥੇ ਇਸ ਕਿਤਾਬ ਵਿਚਲੀ ਸੀ-ਹਰਫ਼ੀ ਨੂੰ ”ਰੱਬ ਵਿਚ ਅਟੁੱਟ ਵਿਸ਼ਵਾਸ ਦੀ ਕਵਿਤਾ” ਕਿਹਾ।
ਕੁਲਵਿੰਦਰ ਖਹਿਰਾ ਨੇ ਸਟੇਜ ਸੰਚਾਲਨਾ ਦੌਰਾਨ ਕਿਹਾ ਕਿ ਕਿਤਾਬ ਵਿਚ ਬਾਬਾ ਫ਼ਰੀਦ, ਬਾਬਾ ਨਾਨਕ ਤੋਂ ਲੈ ਕੇ ਸ਼ਿਵ ਦੇ ਅੰਦਾਜ਼ ਵਿਚ ਲਿਖੀ ਗਈ ਕਵਿਤਾ ਦੇ ਮਿਲ਼ਦੇ ਰੰਗ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਗੋਗੀ ਨਿਠ ਕੇ ਸਾਹਿਤ ਪੜ੍ਹਦੀ ਹੈ, ਜੋ ਲੇਖਕ ਦੇ ਲੇਖਕ ਬਣਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਵਿਤਾਵਾਂ ਵਿਚ ਵਿਰਾਸਤੀ ਬਿੰਬਾਂ ਦੀ ਵਰਤੋਂ ਦੀ ਵਰਤੋਂ ਨਾ ਸਿਰਫ ਲੇਖਕ ਦੇ ਵਿਰਸੇ ਨਾਲ਼ ਜੁੜੇ ਹੋਣ ਦੀ ਹਾਮੀ ਭਰਦੀ ਹੈ, ਸਗੋਂ ਵਿੱਸਰਦੇ ਜਾ ਰਹੇ ਸ਼ਬਦਾਂ ਨੂੰ ਸੰਭਾਲਣ ਦਾ ਕੰਮ ਵੀ ਕਰਦੀ ਹੈ।
ਪਿਆਰਾ ਸਿੰਘ ਕੁੱਦੋਵਾਲ਼ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਵਿਤਾਵਾਂ ਵਿਚ ਸੂਫੀ ਰੰਗ ਭਾਰੂ ਹੋਣ ਦੇ ਬਾਵਜੂਦ ਗੋਗੀ ਨੇ ਔਰਤ ਦੇ ਹੱਕਾਂ ਪ੍ਰਤੀ ਵੀ ਕਵਿਤਾਵਾਂ ਲਿਖੀਆਂ ਹਨ, ਜਿਨ੍ਹਾਂ ਵਿਚ ਭਾਰੀ ਅਤੇ ਤੇਜ਼-ਤਰਾਰ ਸ਼ਬਦਾਵਲੀ ਦੀ ਥਾਂ ਸਹਿਜ ਅਵਸਥਾ ਵਿਚ ਰਚਨਾ ਕੀਤੀ ਗਈ ਹੈ। ਬਲਰਾਜ ਧਾਲੀਵਾਲ ਨੇ ਕਿਹਾ ਕਿ ਗੋਗੀ ਦੀ ਕਵਿਤਾ ਉਸਦੇ ਪੁਖ਼ਤਗੀ ਵੱਲ ਵਧਦੇ ਨਿਰੰਤਰ ਸਫ਼ਰ ਦੀ ਗਵਾਹੀ ਭਰਦੀ ਹੈ ਅਤੇ ਇਸ ਵਿਚਲੀ ਵਿਸ਼ਿਆਂ ਦੀ ਵਿਭਿੰਨਤਾ ਇਸਨੂੰ ਅਮੀਰ ਬਣਾਉਂਦੀ ਹੈ।
ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਭੁਪਿੰਦਰ ਦੁਲੇ ਨੇ ਜਿੱਥੇ ਪਰਮਜੀਤ ਦਿਓਲ ਅਤੇ ਸੁਰਜੀਤ ਕੌਰ ਦੇ ਪੇਪਰਾਂ ਦੀ ਸ਼ਲਾਘਾ ਕੀਤੀ, ਓਥੇ ਗੋਗੀ ਦੀ ਕਵਿਤਾ ਨੂੰ ”ਕਵਿਤਾ ਤੋਂ ਪ੍ਰਗੀਤ ਵੱਲ ਵਧਦੀ ਕਵਿਤਾ” ਕਿਹਾ।
ਮੀਟਿੰਗ ਦੇ ਦੂਸਰੇ ਹਿੱਸੇ ਵਿਚ ‘ਮਾਤ-ਭਾਸ਼ਾ ਦਿਵਸ’ ਦੀ ਗੱਲ ਕੀਤੀ ਗਈ, ਜਿਸਦੀ ਸ਼ੁਰੂਆਤ ਕਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਭਾਵੇਂ ਅੱਜ ਪੰਜਾਬੀ ਦੁਨੀਆਂ ਦੇ ਹਰ ਕੋਨੇ ਵਿਚ ਵੱਸ ਚੁੱਕੇ ਹਨ ਅਤੇ ਸੰਸਾਰ ਪੱਧਰ ‘ਤੇ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਨੰਬਰ ਪਹਿਲੀਆਂ 10 ਭਾਸ਼ਾਵਾਂ ਵਿਚ ਆਉਂਦਾ ਹੈ ਪਰ ਭਾਸ਼ਾ ਪੱਖੋਂ ਇਸ ਵਿਚ ਤੇਜ਼ੀ ਨਾਲ਼ ਆ ਰਿਹਾ ਨਿਘਾਰ ਯੂਨੈਸਕੋ ਦੀ ਭਵਿੱਖਬਾਣੀ ਨੂੰ ਸਹੀ ਠਹਿਰਾਉਂਦਾ ਪ੍ਰਤੀਤ ਹੁੰਦਾ ਹੈ ਕਿ ਇਹ ਭਾਸ਼ਾ ਤੇਜ਼ੀ ਨਾਲ਼ ਅਲੋਪ ਹੋਣ ਵੱਲ ਵਧ ਰਹੀ ਹੈ। ਡਾ. ਨਾਹਰ ਸਿੰਘ ਨੇ ”ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਸੰਭਾਵਨਾਵਾਂ” ਦੇ ਸਿਰਲੇਖ ਹੇਠ ਪੇਪਰ ਪੇਸ਼ ਕਰਦਿਆਂ ਕਿਹਾ ਕਿ ਭਾਸ਼ਾ ਵਿਚਲੇ ਬਦਲਾਅ ਨੂੰ ਵਿਚਾਰਨ ਲਈ ਹਮੇਸ਼ਾਂ ਦੋ ਕਾਲਾਂ ਦੀ ਭਾਸ਼ਾ ਦੀ ਤੁਲਨਾ ਕੀਤੀ ਜਾਂਦੀ ਹੈ ਅਤੇ ਇਸ ਸੰਦਰਭ ਵਿਚ ਸਾਨੂੰ 1875 ਤੱਕ ਦੀ ਪੰਜਾਬੀ, 1875 ਤੋਂ 1990 ਤੱਕ ਦੀ ਪੰਜਾਬੀ ਅਤੇ 1990 ਤੋਂ ਵਰਤਮਾਨ ਦੌਰ ਦੀ ਪੰਜਾਬੀ ਦੀ ਤੁਲਨਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰੰਪਰਿਕ ਤੌਰ ‘ਤੇ ਬੱਚਾ ਹਮੇਸ਼ਾਂ ਪਹਿਲਾਂ ਮਾਂ ਤੋਂ ਫਿਰ ਪਰਿਵਾਰ ਤੋਂ ਅਤੇ ਫਿਰ ਆਪਣੇ ਚੌਗਿਰਦੇ ਅਤੇ ਫਿਰ ਸਕੂਲ ਤੋਂ ਭਾਸ਼ਾ ਸਿੱਖਦਾ ਆਇਆ ਹੈ, ਜਿਸ ਰਾਹੀਂ ਉਸਦੀ ਸੱਭਿਆਚਾਰਕ, ਭਾਸ਼ਾਈ ਅਤੇ ਸਮਾਜੀ ਚੇਤਨਾ ਉੱਸਰਦੀ ਰਹੀ ਹੈ ਪਰ ਅੱਜ ਦੇ ਦੌਰ ਵਿਚ ਬੱਚਾ ਸਿਰਫ ਮਾਂ ਕੋਲੋਂ ਅਤੇ ਚੌਗਿਰਦੇ ਕੋਲੋਂ ਹੀ ਸਿੱਖਦਾ ਹੈ। ਉਨ੍ਹਾਂ ਕਿਹਾ ਕਿ ਮਾਹਿਰ ਮੰਨਦੇ ਹਨ ਕਿ ਭਾਸ਼ਾ ਮਨੁੱਖੀ ਚੇਤਨਾ ਦਾ ਵਰਤਾਰਾ ਹੈ ਅਤੇ ਮਨੁੱਖੀ ਚੇਤਨਾ ਅਤੇ ਭਾਸ਼ਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਮਨੁੱਖ ਦੀ ਉਸਾਰੀ ਦਾ ਹਰ ਪੱਖ ਭਾਸ਼ਾ ਰਾਹੀਂ ਹੀ ਉਜਾਗਰ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਭਿਆਚਾਰ ਦੀ ਪੇਸ਼ਕਾਰੀ ਭਾਸ਼ਾ ਰਾਹੀਂ ਹੁੰਦੀ ਹੈ; ਸ਼ਬਦਕੋਸ਼ ਸ਼ਬਦ ਤਾਂ ਸਾਂਭ ਸਕਦੇ ਹਨ ਪਰ ਉਨ੍ਹਾਂ ‘ਚੋਂ ਭਾਵ ਨਹੀਂ ਉਭਾਰੇ ਜਾ ਸਕਦੇ, ਜਿਸ ਕਰਕੇ ਜਦੋਂ ਸ਼ਬਦ ਮਰਦੇ ਹਨ, ਤਾਂ ਉਸ ਸੱਭਿਆਚਾਰ ਦੀ ਸਮੂਹਕ ਸਿਮ੍ਰਤੀ ਵੀ ਮਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਤੋਂ ਟੁੱਟਣ ਦਾ ਅਰਥ ਪੁਰਖਿਆਂ ਦੇ ਸੱਭਿਆਚਰਕ ਗਿਆਨ ਤੋਂ ਵਿਰਵੇ ਹੋ ਜਾਣਾ ਤੇ ਉਨ੍ਹਾਂ ਪ੍ਰੰਪਰਾਵਾਂ ਦਾ ਭਾਵ-ਬੋਧ ਗਵਾ ਲੈਣਾ ਹੁੰਦਾ ਹੈ, ਜੋ ਤੁਹਾਡਾ ਇੱਕ ਪਾਸਾ ਮਾਰੇ ਜਾਣ ਵਾਂਗ ਹੁੰਦਾ ਹੈ। ਉਨ੍ਹਾਂ ਇਸ ਗੱਲ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਪੰਜਾਬੀ ਭਾਸ਼ਾ ਦੇ ਇਤਿਹਾਸ ‘ਤੇ ਬਣਦਾ ਕੰਮ ਨਹੀਂ ਹੋ ਸਕਿਆ ਅਤੇ ਜਿੰਨਾ ਹੋਇਆ ਵੀ ਹੈ, ਉਹ ਬਹੁਤਾ ਉਨ੍ਹਾਂ ਹਸਤੀਆਂ ਵੱਲੋਂ ਹੋਇਆ ਹੈ, ਜੋ ਆਪ ਭਾਸ਼ਾ ਵਿਗਿਆਨੀ ਨਹੀਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਬਾਬਾ ਨਾਨਕ ਵਿਰਸੇ ਦੇ ਸਾਹਿਤ ਨੂੰ ਇਕੱਠਿਆਂ ਨਾ ਕਰਦੇ, ਤਾਂ ਸਾਡੇ ਕੋਲ਼ ਪੰਜਾਬੀ ਭਾਸ਼ਾ ਦਾ ਇਤਿਹਾਸ ਸਿਰਫ ਸੋਲ਼ਵੀਂ ਸਦੀ ਤੋਂ ਸ਼ੁਰੂ ਹੋਣਾ ਸੀ ਅਤੇ ਉਸਤੋਂ ਬਾਅਦ ਵੀ ਸਿਰਫ ਜਗਜੀਤ ਸਿੰਘ ਗਿੱਲ ਵੱਲੋਂ ਹੀ ਜ਼ਿਕਰਯੋਗ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1873 ਵਿਚ ਔਰੀਐਂਟਲ ਕਾਲਿਜ ਲਾਹੌਰ ਬਣਨ ਨਾਲ਼ ਪੰਜਾਬੀ ਭਾਸ਼ਾ ਦੀ ਗੱਲ ਚੱਲੀ ਪਰ ਏਥੇ ਵੀ ਸਾਹਿਤਕ ਵੰਨਗੀ ਨੂੰ ਲੈ ਕੇ ਸਿੱਖ ਲਹਿਰ ਵੱਲੋਂ ਧਾਰਮਿਕ ਮਸਲ ਖੜ੍ਹੇ ਕਰ ਦਿੱਤੇ ਗਏ। 1882 ਵਿਚ ਲਾਹੌਰ ਵਿਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਨਾਲ਼ ਪੰਜਾਬੀ ਭਾਸ਼ਾ ਪੰਜਾਬ ਦੇ ਲੋਕਾਂ ਦੀ ਭਾਸ਼ਾ ਵਜੋਂ ਪਛਾਣੀ ਗਈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਬਣਿਆ ਤੇ ਵਧੀਆ ਕੰਮ ਹੋਇਆ ਪਰ 1975 ਤੋਂ ਬਾਅਦ ਇਸ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਪੰਜਾਬੀ ਭਾਸ਼ਾ ਵਿਚੋਂ ਸਕੌਲਰ ਅਲੋਪ ਹੋਣੇ ਸ਼ੁਰੂ ਹੋ ਗਏ।
ਡਾ. ਨਾਹਰ ਸਿੰਘ ਨੇ ਕਿਹਾ ਕਿ ਭਾਸ਼ਾ ਨੂੰ ਜਿਊਂਦਾ ਰੱਖਣ ਲਈ ਅਨੁਵਾਦਾਂ ਦੀ ਬਹੁਤ ਲੋੜ ਹੁੰਦੀ ਹੈ, ਜੋ ਭਾਸ਼ਾ ਨੂੰ ਅਮੀਰ ਬਣਾਉਂਦੇ ਹਨ। ਇਸਦੇ ਨਾਲ਼ ਹੀ ਪੰਜਾਬ ਦੇ ਹਰ ਸਕੂਲ ਵਿਚ ਬਾਰਵੀਂ (ਪਲੱਸ-ਟੂ) ਤੱਕ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ, ਪੰਜਾਬੀ ਪ੍ਰਸ਼ਾਸਨਿਕ ਅਤੇ ਰੋਜ਼ਗਾਰੀ ਭਾਸ਼ਾ ਹੋਣੀ ਚਾਹੀਦੀ ਹੈ, ਵਰਨਾ ਸੱਭਿਆਚਾਰਕ ਤੌਰ ‘ਤੇ ਤਾਂ ਪੰਜਾਬੀ ਬੋਲੀ ਵਜੋਂ ਤਾਂ ਜੀਂਦੀ ਰਹੇਗੀ ਪਰ ਭਾਸ਼ਾ ਪੱਖੋਂ ਖ਼ਤਮ ਹੋ ਜਾਵੇਗੀ।
ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਰਦੇਵ ਚੌਹਾਨ ਹੁਰਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਉਸਾਰੀ ਵਿਚ ਪੇਂਡੂ ਜੀਵਨ ਦੀ ਪ੍ਰਮੁੱਖ ਭੂਮਿਕਾ ਰਹੀ ਹੈ ਅਤੇ ਕਿੱਤਿਆਂ ਦੇ ਖ਼ਤਮ ਹੋਣ ਨਾਲ਼ ਭਾਸ਼ਾ ਵੀ ਬਦਲਦੀ ਜਾ ਰਹੀ ਹੈ।
ਕਵਿਤਾ ਦੇ ਦੌਰ ਵਿਚ ਜਿੱਥੇ ਡਾ. ਸੁਖਪਾਲ ਅਤੇ ਨੌਜਵਾਨ ਕਵੀ ਮਨਦੀਪ ਸਿੰਘ ਨੇ ਕਵਿਤਾਵਾਂ ਸੁਣਾਈਆਂ, ਓਥੇ ਹਰਜੀਤ ਸਿੰਘ ਅਤੇ ਇਕਬਾਲ ਬਰਾੜ ਜੀ ਨੇ ਖ਼ੂਬਸੂਰਤ ਤਰੰਨਮ ਰਾਹੀਂ ਆਪਣੀ ਹਾਜ਼ਰੀ ਲਵਾਈ।
ਹਾਜ਼ਰ ਮੈਂਬਰਾਂ ਵਿਚ ਮਨਮੋਹਗਨ ਗੁਲਾਟੀ, ਸਿਕੰਦਰ ਸਿੰਘ ਗਿੱਲ, ਸੁਖਚਰਨਜੀਤ ਕੌਰ ਗਿੱਲ, ਪ੍ਰਤੀਕ ਆਰਟਿਸਟ, ਬਲਜੀਤ ਧਾਲੀਵਾਲ, ਸੁਸ਼ਮਾ ਰਾਣੀ, ਵਾਸਦੇਵ ਦਰਜ, ਗੁਰਪ੍ਰੀਤ ਬਟਾਲਵੀ, ਬਲਜਿੰਦਰਪ੍ਰੀਤ ਦੁਲੇ, ਸੁਰਿੰਦਰ ਖਹਿਰਾ, ਸੋਨੀਆ ਮਨਜਿੰਦਰ, ਜਤਿੰਦਰ ਰੰਧਾਵਾ, ਜਗੀਰ ਸਿੰਘ ਕਾਹਲੋਂ ਅਤੇ ਸਰਬਜੀਤ ਕੌਰ ਕਾਹਲੋਂ ਦੇ ਨਾਂ ਸ਼ਾਮਲ ਸਨ।