#PUNJAB

ਸਰਬੱਤ ਦਾ ਭਲਾ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਵੀਆਂ ਲੈਬਾਂ ਦਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 11 ਮਾਰਚ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਲੋਕਾਂ ਨੂੰ ਆ ਰਹੀਆਂ ਵੱਖ-ਵੱਖ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਪੂਰੇ ਦੇਸ਼ ਵਿਚ ਵੱਡੀ ਪੱਧਰ ‘ਤੇ ਕਲੀਨਿਕਲ ਲੈਬਾਂ ਅਤੇ ਡਾਇਗਨੋਸਟਿਕ ਸੈਂਟਰ ਸਿਰਫ ਲਾਗਤ ਮੁੱਲ ‘ਤੇ ਖੋਲ੍ਹੇ ਜਾ ਰਹੇ ਹਨ, ਤਾਂ ਜੋ ਆਮ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਆਉਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਣ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਤੋਂ ਪਹਿਲਾਂ ਕੱਚਾ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਕ੍ਰਿਸ਼ਨਾ ਮੰਦਿਰ ਮੰਡੀ ਹਰਜੀ ਰਾਮ ਮਲੋਟ ਵਿਖੇ ਦੋ ਕਲੀਨਿਕਲ ਅਤੇ ਡਾਇਗਨੋਸਟਿਕ ਲੈਬਾਂ ਚੱਲ ਰਹੀਆਂ ਹਨ।
ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਹੁਣ ਕਸਬਾ ਦੋਦਾ ਅਤੇ ਮਲੋਟ ਸ਼ਹਿਰ ਦੇ ਧੁਰ ਅੰਦਰ ਗੂਰੂ ਦੁਆਰਾ ਸਿੰਘ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਵੀਆਂ ਲੈਬਾਂ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਦੇ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾਕਟਰ ਐੱਸ.ਪੀ. ਸਿੰਘ ਓਬਰਾਏ ਅਤੇ ਸੰਤ ਸਿੰਘ ਬਰਾੜ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤੇ ਗਏ। ਇਸ ਮੌਕੇ ਬੋਲਦਿਆਂ ਡਾਕਟਰ ਓਬਰਾਏ ਨੇ ਕਿਹਾ ਕਿ ਮੇਰਾ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ ‘ਮਾਨਵਤਾ ਦੀ ਸੇਵਾ’ ਅਤੇ ਮੈਂ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਮੈਨੂੰ ਆਪਣੀ ਸਮਰੱਥਾ ਅਨੁਸਾਰ ਮਾਨਵਤਾ ਦੀ ਸੇਵਾ ਦਾ ਬਲ ਬਖਸ਼ਣ। ਡਾਕਟਰ ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ 200 ਕਲੀਨਿਕਲ ਲੈਬਾਂ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਹੁਣ ਤੱਕ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿਚ ਤਕਰੀਬਨ 150 ਦੇ ਕਰੀਬ ਲੈਬਾਂ ਖੋਲ੍ਹੀਆਂ ਜਾ ਚੁੱਕੀਆਂ ਹਨ। ਇਨ੍ਹਾਂ ਕਲੀਨਿਕ ਲੈਬਾਂ ਵਿਚ ਸਿਰਫ ਲਾਗਤ ਮੁੱਲ ‘ਤੇ 27 ਲੱਖ ਦੇ ਕਰੀਬ ਲੋਕ ਆਪਣੇ ਸਰੀਰ ਦੇ ਟੈਸਟ ਕਰਵਾ ਚੁੱਕੇ ਹਨ।
ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਨੇ ਦੱਸਿਆ ਕਿ ਡਾਕਟਰ ਓਬਰਾਏ ਦੀ ਇਸ ਫੇਰੀ ਦੌਰਾਨ ਸਾਡੀ ਜ਼ਿਲ੍ਹਾ ਟੀਮ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਫੀਜ਼ਿਓਥਰੈਪੀ ਸੈਂਟਰ ਅਤੇ ਮੰਡੀ ਬਰੀਵਾਲਾ, ਮੰਡੀ ਲੱਖੇਵਾਲੀ, ਔਲਖ ਵਿਚ ਕਲੀਨਿਕ ਲੈਬਾਂ ਖੋਲ੍ਹਣ ਲਈ ਮੰਗ ਪੱਤਰ ਵੀ ਦਿੱਤਾ ਗਿਆ।
ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾਕਟਰ ਓਬਰਾਏ ਵੱਲੋਂ ਪਿਛਲੇ 9 ਸਾਲਾਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ 350 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ, ਦਵਾਈਆਂ ਖਰੀਦਣ ਲਈ ਲੋੜੀਂਦੇ ਮਰੀਜ਼ਾਂ ਨੂੰ ਮਹੀਨਾਵਾਰ ਪੈਸੇ ਦਿੱਤੇ ਜਾ ਰਹੇ ਹਨ, ਮਾਲਵੇ ਬੈਲਟ ਦਾ ਪਾਣੀ ਖਰਾਬ ਹੋਣ ਕਾਰਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਬਹੁਤ ਹੀ ਵੱਡੀ ਗਿਣਤੀ ਵਿਚ ਸਰਕਾਰੀ ਸਕੂਲਾਂ ਵਿਚ ਆਰ.ਉ. ਸਿਸਟਮ ਲਗਾਏ ਜਾ ਰਹੇ ਹਨ, ਪੜ੍ਹਾਈ ਵਿਚ ਹੁਸ਼ਿਆਰ ਪਰ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਪਿੰਡ ਦੋਦਾ ਦੀ ਨਗਰ ਪੰਚਾਇਤ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਲੋਟ ਟੀਮ, ਗੁਰੂ ਦੁਆਰਾ ਸਾਹਿਬ ਕਮੇਟੀ ਮੈਂਬਰ ਅਤੇ ਮਲੋਟ ਦੇ ਪਤਵੰਤੇ ਹਾਜ਼ਰ ਸਨ।