#PUNJAB

2027 ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 7 ਹੋਰ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ

ਅੰਮ੍ਰਿਤਸਰ, 7 ਮਾਰਚ (ਪੰਜਾਬ ਮੇਲ)- ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਵਿਚ ਅਗਾਮੀ ਚੋਣ ਦੀਆਂ ਸਰਗਰਮੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਾਰਟੀ ਦੇ ਢਾਂਚੇ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਸਕੱਤਰ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਮੁੱਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਨੇ ਜਾਣਕਾਰੀ ਦਿੱਤੀ ਕਿ ਪਾਰਟੀ ਵੱਲੋਂ ਪੰਜਾਬ ਦੇ 7 ਹੋਰ ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਪੰਜ ਹਲਕਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਨ੍ਹਾਂ ਆਗੂਆਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਸੰਭਾਵਨਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਹੀ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਸੰਭਾਵੀ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਇਸ ਸਮੇਂ ਵੱਡੀਆਂ ਰੈਲੀਆਂ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਦਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਮੀਨੀ ਪੱਧਰ ਉੱਤੇ ਕੰਮ ਕਰਦੇ ਹੋਏ ਹਲਕਾ ਇੰਚਾਰਜ ਨਿਯੁਕਤ ਕਰਕੇ ਮੀਟਿੰਗਾਂ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਰਟੀ ਵੱਲੋਂ ਬੂਥ ਪੱਧਰ ਤੱਕ ਲੋਕਾਂ ਨੂੰ ਲਾਮਬੰਦ ਕਰਨ ਲਈ ਚਲਾਈ ਗਈ ਇਸ ਮੁਹਿੰਮ ਨੇ ਦੂਜੀਆਂ ਰਾਜਨੀਤਿਕ ਪਾਰਟੀਆਂ ਵਿਚ ਚੋਣ ਲੜਨ ਦੇ ਇੱਛੁਕ ਕਈ ਆਗੂਆਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਮੁੱਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖ਼ਤਾਂ ਹੇਠ ਜਾਰੀ ਪਾਰਟੀ ਲੈਟਰਪੈਡ ਤੇ ਸੱਤ ਹਲਕਾ ਇੰਚਾਰਜਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਭਾਈ ਸੰਦੀਪ ਸਿੰਘ ਰੁਪਾਲੋਂ (ਪਾਇਲ), ਭਾਈ ਲਖਬੀਰ ਸਿੰਘ (ਸ਼ਾਮ ਚੁਰਾਸੀ), ਭਾਈ ਪ੍ਰਿਥੀਪਾਲ (ਬਟਾਲਾ), ਭਾਈ ਰਛਪਾਲ ਸਿੰਘ ਸੋਸਣ (ਹਲਕਾ ਮੋਗਾ), ਭਾਈ ਕੁਲਦਮਨਰੂਪ ਸਿੰਘ (ਖਡੂਰ ਸਾਹਿਬ), ਭਾਈ ਦਲੇਰ ਸਿੰਘ ਡੋਡ (ਫਰੀਦਕੋਟ) ਅਤੇ ਸੁਖਵਿੰਦਰ ਸਿੰਘ ਨੂੰ (ਸੰਗਰੂਰ ਸ਼ਹਿਰੀ) ਦਾ ਵਿਧਾਨ ਸਭਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਭਾਈ ਪ੍ਰਗਟ ਸਿੰਘ ਮੀਆਂਵਿੰਡ ਨੇ ਕਿਹਾ ਕਿ ਇਹ ਸਾਰੀਆਂ ਨਿਯੁਕਤੀਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀਆਂ ਗਈਆਂ ਹਨ ਅਤੇ ਜਲਦ ਹੀ ਹੋਰ ਹਲਕਾ ਇੰਚਾਰਜਾਂ ਦੀ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ, ਤਾਂ ਜੋ ਪਾਰਟੀ ਨੂੰ ਪਿੰਡ ਤੋਂ ਬੂਥ ਪੱਧਰ ਤੱਕ ਹੋਰ ਮਜ਼ਬੂਤ ਬਣਾਇਆ ਜਾ ਸਕੇ।