ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਸ੍ਰੀਲੰਕਾ ਦੇ ਤੱਟ ਤੋਂ ਦੂਰ ਇੱਕ ਅਮਰੀਕੀ ਪਣਡੁੱਬੀ (Submarine) ਵੱਲੋਂ ਇਰਾਨੀ ਜਲ ਸੈਨਾ ਦੇ ਜੰਗੀ ਜਹਾਜ਼ ਨੂੰ ਡੁਬੋਣ ਦੇ ਇੱਕ ਦਿਨ ਬਾਅਦ, ਇਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਨੇ ਚਿਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਪਾਣੀਆਂ ਵਿੱਚ ਜਹਾਜ਼ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਨੂੰ “ਭਾਰੀ ਕੀਮਤ” ਚੁਕਾਉਣੀ ਪਵੇਗੀ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਅਰਾਗਚੀ ਨੇ ਕਿਹਾ, “ਅਮਰੀਕਾ ਨੇ ਸਮੁੰਦਰ ਵਿੱਚ, ਇਰਾਨ ਦੇ ਤੱਟਾਂ ਤੋਂ 2,000 ਮੀਲ ਦੂਰ ਹਮਲਾ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਫ੍ਰੀਗੇਟ IRIW Dena, ਜੋ ਕਿ ਭਾਰਤੀ ਜਲ ਸੈਨਾ ਦਾ ਮਹਿਮਾਨ ਸੀ ਅਤੇ ਲਗਪਗ 130 ਮਲਾਹਾਂ ਨੂੰ ਲੈ ਕੇ ਜਾ ਰਿਹਾ ਸੀ। ਅੰਤਰਰਾਸ਼ਟਰੀ ਪਾਣੀਆਂ ਵਿੱਚ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕੀਤਾ ਗਿਆ। ਇਰਾਨੀ ਵਿਦੇਸ਼ ਮੰਤਰੀ ਨੇ ਕਿਹਾ, “ਮੇਰੇ ਸ਼ਬਦ ਯਾਦ ਰੱਖਣਾ: ਅਮਰੀਕਾ ਨੂੰ ਇਸ ਮਿਸਾਲ (ਘਟਨਾ) ‘ਤੇ ਬਹੁਤ ਪਛਤਾਵਾ ਹੋਵੇਗਾ ਜੋ ਉਸ ਨੇ ਕਾਇਮ ਕੀਤੀ ਹੈ।”
ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਸਕੱਤਰ (Secretary of War) ਪੀਟ ਹੇਗਸੇਥ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਇੱਕ ਅਮਰੀਕੀ ਪਣਡੁੱਬੀ ਨੇ ਟਾਰਪੀਡੋ ਦਾਗਿਆ ਅਤੇ ਸ੍ਰੀਲੰਕਾ ਦੇ ਪੱਛਮ ਵਿੱਚ ਇਰਾਨੀ ਜਲ ਸੈਨਾ ਦੇ ਜਹਾਜ਼ IRIS Dena ਨੂੰ ਡੁਬੋ ਦਿੱਤਾ। ਇੱਕ ਤਰ੍ਹਾਂ ਨਾਲ, ਇਰਾਨ ਅਤੇ ਅਮਰੀਕਾ-ਇਜ਼ਰਾਈਲ ਸੰਘਰਸ਼ ਭਾਰਤੀ ਤੱਟ ਦੇ ਨੇੜੇ ਪਹੁੰਚ ਗਿਆ ਹੈ। ਸਮੁੰਦਰ ਵਿੱਚ ਹੋਇਆ ਇਹ ਹਮਲਾ ਇਰਾਨ ਤੋਂ ਲਗਪਗ 4,000 ਕਿਲੋਮੀਟਰ ਦੂਰ ਸੀ, ਜਿਸ ਨਾਲ ਜੰਗ ਦਾ ਘੇਰਾ ਕਾਫ਼ੀ ਵਧ ਗਿਆ ਹੈ। ਪਹਿਲਾਂ ਹੀ, ਇਰਾਨੀ ਮਿਜ਼ਾਈਲ ਹਮਲਿਆਂ ਦੇ ਡਰੋਂ, ਕਈ ਅਮਰੀਕੀ ਜੰਗੀ ਜਹਾਜ਼ ਪੂਰਬ ਵੱਲ ਭਾਰਤ ਦੇ ਨੇੜੇ ਆ ਗਏ ਹਨ।
ਭਾਰਤ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਕੋਈ ਵੀ ਅਮਰੀਕੀ ਜਲ ਸੈਨਾ ਸੰਪਤੀ ਭਾਰਤੀ ਬੰਦਰਗਾਹਾਂ ਦੀ ਵਰਤੋਂ ਕਰ ਰਹੀ ਸੀ। ਬੁੱਧਵਾਰ ਨੂੰ ਹਮਲੇ ਦਾ ਸ਼ਿਕਾਰ ਹੋਇਆ ਇਰਾਨੀ ਜਹਾਜ਼, ਵਿਸ਼ਾਖਾਪਟਨਮ ਵਿੱਚ ਭਾਰਤ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਫਲੀਟ ਰਿਵਿਊ ਅਤੇ ‘ਅਭਿਆਸ ਮਿਲਨ’ (Exercise Milan) ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਿਹਾ ਸੀ।

