#EUROPE

ਇਰਾਨ ਵਿਰੁੱਧ ਜੰਗ ‘ਚ ਅਮਰੀਕਾ ਨੂੰ ਸ਼ਾਮਲ ਕਰਕੇ ਨੇਤਨਯਾਹੂ ਨੇ ਖੇਡਿਆ ਸਿਆਸੀ ਜੂਆ!

-ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਪੈਦਾ ਹੋ ਸਕਦਾ ਹੈ ਭਾਰੀ ਤਣਾਅ
ਯੇਰੂਸ਼ਲਮ, 4 ਮਾਰਚ (ਪੰਜਾਬ ਮੇਲ)- ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਦੋ ਮੁੱਖ ਥੰਮ੍ਹਾਂ ‘ਤੇ ਟਿਕਾਈ ਰੱਖਿਆ ਹੈ, ਜਿਨ੍ਹਾਂ ਵਿਚ ਅਮਰੀਕਾ ਨਾਲ ਅਟੁੱਟ ਭਾਈਵਾਲੀ ਅਤੇ ਇਰਾਨ ਦੇ ਇਸਲਾਮਿਕ ਸ਼ਾਸਨ ਵਿਰੁੱਧ ਲਗਾਤਾਰ ਕੂਟਨੀਤਕ ਤੇ ਗੁਪਤ ਜੰਗ ਸ਼ਾਮਲ ਹੈ। ਹੁਣ ਜਦੋਂ ਇਜ਼ਰਾਈਲ ਅਤੇ ਅਮਰੀਕਾ ਇਰਾਨੀ ਲੀਡਰਸ਼ਿਪ ਵਿਰੁੱਧ ਸਾਂਝੀ ਜੰਗ ਵਿਚ ਕੁੱਦ ਪਏ ਹਨ, ਇਹ ਦੋਵੇਂ ਰਣਨੀਤਕ ਰਸਤੇ ਆਪਸ ਵਿਚ ਟਕਰਾਉਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ। ਇਰਾਨ ਵਿਰੁੱਧ ਇਸ ਲੜਾਈ ਵਿਚ ਅਮਰੀਕਾ ਨੂੰ ਸ਼ਾਮਲ ਕਰ ਕੇ ਨੇਤਨਯਾਹੂ ਅਜਿਹਾ ਜੂਆ ਖੇਡ ਰਹੇ ਹਨ, ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਭਾਰੀ ਤਣਾਅ ਪੈਦਾ ਕਰ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਸ ਜੰਗ ਲਈ ਮਨਾਉਣਾ ਨੇਤਨਯਾਹੂ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ ਅਤੇ ਜੇ ਉਹ ਸਫਲ ਹੁੰਦੇ ਹਨ, ਤਾਂ ਉਹ ਇਰਾਨੀ ਸਰਕਾਰ ਨੂੰ ਡੇਗਣ ਦਾ ਆਪਣਾ ਸਾਂਝਾ ਟੀਚਾ ਜਲਦੀ ਹਾਸਲ ਕਰ ਸਕਦੇ ਹਨ, ਪਰ ਜੰਗ ਦੇ ਲੰਮੀ ਚੱਲਣ ਦੀ ਸੂਰਤ ਵਿਚ ਇਹ ਸਬੰਧ ਮੁੜ ਪ੍ਰੀਖਿਆ ਦੇ ਦੌਰ ਵਿਚੋਂ ਲੰਘ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਜਨਤਾ ਦਾ ਵੱਡਾ ਹਿੱਸਾ ਇਸ ਜੰਗ ਨੂੰ ਇਜ਼ਰਾਈਲ ਦੀ ਮਨਮਰਜ਼ੀ ਵਜੋਂ ਦੇਖ ਸਕਦਾ ਹੈ, ਜੋ ਅਮਰੀਕਾ ਨੂੰ ਮੱਧ ਪੂਰਬ ਦੀ ਅਜਿਹੀ ਜੰਗ ਵਿਚ ਧੱਕ ਰਿਹਾ ਹੈ, ਜੋ ਉਨ੍ਹਾਂ ਦੀ ਆਪਣੀ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿਚ ਇਜ਼ਰਾਈਲ ਲਈ ਲੋਕ ਹਮਾਇਤ ਘਟੀ ਹੈ ਅਤੇ ਹਮਦਰਦੀ ਫ਼ਲਸਤੀਨੀਆਂ ਵੱਲ ਵਧੀ ਹੈ।
ਜੰਗ ਦੇ ਸ਼ੁਰੂਆਤੀ ਦਿਨਾਂ ਵਿਚ ਇਜ਼ਰਾਈਲ ਤੇ ਅਮਰੀਕੀ ਫੌਜ ਮਿਲ ਕੇ ਇਰਾਨੀ ਟਿਕਾਣਿਆਂ ਅਤੇ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਪਰ ਇਸ ਦੇ ਮਾੜੇ ਪ੍ਰਭਾਵ ਅਮਰੀਕਾ ਵਿਚ ਵੀ ਮਹਿਸੂਸ ਹੋਣੇ ਸ਼ੁਰੂ ਹੋ ਗਏ ਹਨ।