#AMERICA

ਅਮਰੀਕਾ ‘ਚ ਟਰੱਕ ਹਾਦਸੇ ਦੇ ਦੋਸ਼ ‘ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਵਾਸ਼ਿੰਗਟਨ, 26 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਇੰਡੀਆਨਾ ‘ਚ ਇਕ ਟਰੱਕ ਹਾਦਸੇ ਦੇ ਦੋਸ਼ ‘ਚ 25 ਸਾਲਾ ਭਾਰਤੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਟਰੱਕ ਵੱਲੋਂ ਤਿੰਨ ਵਾਹਨਾਂ ਨੂੰ ਟੱਕਰ ਮਾਰਨ ਕਾਰਨ ਵਾਪਰੇ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਦੋਸ਼ੀ, ਜਿਸ ਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ, ਨੇ ਕਥਿਤ ਤੌਰ ‘ਤੇ ਲਾਲ ਬੱਤੀ ‘ਚੋਂ ਟਰੱਕ ਨੂੰ ਲੰਘਾਇਆ, ਜਿਸ ਕਾਰਨ ਇਹ ਘਾਤਕ ਹਾਦਸਾ ਵਾਪਰਿਆ। ਇੰਡੀਆਨਾਪੋਲਿਸ ਦੇ ਪੱਛਮ ‘ਚ ਸਥਿਤ ਹੈਂਡਰਿਕਸ ਕਾਊਂਟੀ, ਇੰਡੀਆਨਾ ‘ਚ ਵਾਪਰੇ ਹਾਦਸੇ ‘ਚ ਪਿਕਅੱਪ ਡਰਾਈਵਰ, 64 ਸਾਲਾ ਟੈਰੀ ਸ਼ੁਲਟਜ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੀ ਹਿਰਾਸਤ ‘ਚ ਹੈ। ਉਨ੍ਹਾਂ ਦੱਸਿਆ ਕਿ ਉਹ ਇੰਡੀਆਨਾ ‘ਚ ਗੈਰ-ਕਾਨੂੰਨੀ ਤੌਰ ‘ਤੇ ਵੀ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੀਪ ਨੂੰ 2018 ‘ਚ ਅਮਰੀਕੀ ਸਰਹੱਦ ਪਾਰ ਕਰਦਿਆਂ ਫੜਿਆ ਗਿਆ ਸੀ। ਉਸ ਸਮੇਂ ਉਹ ਇਕ ਨਾਬਾਲਗ ਸੀ। ਬਾਅਦ ‘ਚ ਉਸ ਨੂੰ 1997 ਦੇ ਫਲੋਰਸ ਸਹਿਮਤੀ ਫ਼ਰਮਾਨ ਦੇ ਤਹਿਤ ਅਮਰੀਕਾ ‘ਚ ਰਿਹਾਅ ਕਰ ਦਿੱਤਾ ਗਿਆ ਸੀ, ਜਿਸ ‘ਚ ਇਹ ਹੁਕਮ ਦਿੱਤਾ ਗਿਆ ਸੀ ਕਿ ਗੈਰ-ਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕਰਨ ਵਾਲੇ ਬੱਚਿਆਂ ਨੂੰ ਹਿਰਾਸਤ ਵਿਚ ਲੈਣ ਦੀ ਬਜਾਏ ਮਾਪਿਆਂ ਜਾਂ ਬਾਲਗ ਰਿਸ਼ਤੇਦਾਰ ਕੋਲ ਭੇਜ ਦਿੱਤਾ ਜਾਵੇ। ਉਸ ਨੂੰ ਮਈ 2025 ‘ਚ ਹੀ ਇਕ ਵਪਾਰਕ ਡਰਾਈਵਿੰਗ ਲਾਇਸੈਂਸ ਮਿਲਿਆ ਸੀ। ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਕਿਹਾ ਕਿ ਇਹ ਹਾਦਸਾ ਇੰਡੀਆਨਾ ‘ਚ ਇਕ ਹੋਰ ਗੈਰ-ਕਾਨੂੰਨੀ ਪਰਦੇਸੀ ਵੱਲੋਂ ਸੈਮੀ-ਟਰੱਕ ਚਲਾਉਣ ਨਾਲ ਚਾਰ ਮਾਸੂਮ ਲੋਕਾਂ ਦੀ ਮੌਤ ਹੋਣ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਵਾਪਰਿਆ ਹੈ।