#PUNJAB

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਰਿਸ਼ਤਿਆਂ ਦਾ ਸਤਿਕਾਰ ਵਿਸ਼ੇ ‘ਤੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ

-ਮਾਂ ਬੋਲੀ ਦਾ ਗਿਆਨ ਹੀ ਰਿਸ਼ਤਿਆਂ ਦੀ ਪਾਲਣਾ ਲਈ ਮੂਲ ਆਧਾਰ ਬਣ ਸਕਦਾ ਹੈ : ਪ੍ਰੋ.ਗੁਰਭਜਨ ਸਿੰਘ ਗਿੱਲ
ਲੁਧਿਆਣਾ, 20 ਫਰਵਰੀ (ਪੰਜਾਬ ਮੇਲ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਉਂਡੇਸ਼ਨ (ਰਜਿ.) ਲੁਧਿਆਣਾ ਵੱਲੋਂ ”ਰਿਸ਼ਤਿਆਂ ਦਾ ਸਤਿਕਾਰ” ਵਿਸ਼ੇ ‘ਤੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਸੁਆਗਤੀ ਸ਼ਬਦਾਂ ਵਿਚ ਕਿਹਾ ਕਿ ਜ਼ਿੰਦਗੀ ਦਾ ਅਸਲ ਆਧਾਰ ਮਜ਼ਬੂਤ ਰਿਸ਼ਤੇ ਹਨ, ਜੋ ਸਤਿਕਾਰ ਦੀ ਨੀਂਹ ‘ਤੇ ਹੀ ਉਸਰ ਸਕਦੇ ਹਨ। ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਤੇ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਰਿਸ਼ਤਿਆਂ ਸਤਿਕਾਰ ਕਰਨ ਦੀ ਬੁਨਿਆਦੀ ਸਿਖਲਾਈ ਮਾਂ ਬੋਲੀ ਦਾ ਸਤਿਕਾਰ ਹੀ ਦੇ ਸਕਦਾ ਹੈ। ਮਾਂ ਬੋਲੀ ਉਹ ਗਿਆਨ ਪੋਟਲੀ ਹੈ, ਜੋ ਸਾਨੂੰ ਪੰਘੂੜੇ ਤੋਂ ਸਿਵਿਆਂ ਤੱਕ ਹੱਸਣਾ, ਗਾਉਣਾ, ਰੋਣਾ ਤੇ ਮਰਿਯਾਦਾ ਵਿਚ ਰਹਿ ਕੇ ਆਚਾਰ, ਵਿਹਾਰ ਤੇ ਕਿਰਦਾਰ ਦੀ ਉਸਾਰੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਤੇ ਚੌਗਿਰਦਾ ਸੰਸਾਰ ਸਾਨੂੰ ਵੱਡਿਆਂ ਦਾ ਆਦਰ ਤੇ ਨਿੱਕਿਆਂ ਦੇ ਪਿਆਰ ਦੀ ਰੂਪ-ਰੇਖਾ ਸਮਝਾਉਂਦਾ ਹੈ ਪਰ ਦੁਖਦਾਈ ਪੱਖ ਇਹ ਹੈ ਕਿ ਅੱਜ ਅਸੀਂ ਪੈਸੇ ਦੇ ਪੁੱਤ ਬਣ ਕੇ ਹਰ ਰਿਸ਼ਤੇਦਾਰ ਘਾਣ ਕਰ ਰਹੇ ਹਾਂ। ਇਹ ਭੁੱਲ ਹੀ ਗਏ ਹਾਂ ਕਿ ਚੂਹੇ ਦੌੜ ਜਿੱਤ ਕੇ ਵੀ ਅਸੀਂ ਸ਼ੇਰ ਨਹੀਂ ਬਣ ਜਾਂਦੇ, ਚੂਹੇ ਹੀ ਰਹਿੰਦੇ ਹਾਂ।
ਇਸ ਵਿਚਾਰ ਚਰਚਾ ਵਿਚ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਤੇ ਅਮਰੀਕਾ, ਕੈਨੇਡਾ ਤੋਂ ਆਏ ਸਮਾਜਿਕ ਆਗੂਆਂ ਨੇ ਭਾਗ ਲਿਆ।
ਬਾਬਾ ਬੰਦਾ ਸਿੰਘ ਭਵਨ ਰਕਬਾ (ਲੁਧਿ:) ਵਿਖੇ ਵਿਚਾਰ ਗੋਸ਼ਟੀ ਵਿਚ ਕੌਮੀ ਸਨਮਾਨ ਪ੍ਰਾਪਤ ਅਧਿਆਪਕ ਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਸ. ਅਮਰੀਕ ਸਿੰਘ ਤਲਵੰਡੀ, ਸਰਦਾਰਨੀ ਲਖਵੰਤ ਕੌਰ (ਕੈਨੇਡਾ) ਪੰਜਾਬ ਐਕਸਪ੍ਰੈੱਸ ਸਪਤਾਹਿਕ ਤੇ ਟੀ.ਵੀ. ਚੈਨਲ ਸੈਕਰਾਮੈਂਟੋ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ, ਪੰਜਾਬੀ ਕਵੀ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਡਾ. ਨੀਲਮ ਖੋਸਲਾ, ਹਰਬਿੰਦਰ ਸਿੰਘ ਬੀਲ੍ਹਾ (ਕੈਨੇਡਾ) ਤੇ ਹੈਪੀ ਦਿਉਲ ਪ੍ਰਧਾਨ ਬਾਬਾ ਬੰਦਾ ਸਿੰਘ ਫਾਊਂਡੇਸ਼ਨ ਕੈਨੇਡਾ ਇਕਾਈ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਕ੍ਰਿਸ਼ਨ ਕੁਮਾਰ ਬਾਵਾ ਦੀ ਵਿਆਹ ਵਰ੍ਹੇਗੰਢ ਵੀ ਇਸੇ ਦਿਨ ਹੋਣ ਕਾਰਨ ਸਭ ਨੇ ਬਾਵਾ ਦੰਪਤੀ ਨੂੰ ਮੁਬਾਰਕ ਦਿੱਤੀ ਅਤੇ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਤੇ ਫਾਊਂਡੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਗਿੱਲ ਨੇ ਲੱਡੂ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ।
ਇਸ ਪ੍ਰਭਾਵਸ਼ਾਲੀ ਸਮਾਰੋਹ ਦੀ ਆਰੰਭਤਾ ‘ਤੇ ਪ੍ਰਵਾਸੀ ਮੀਡੀਆ ਦੀ ਅਮਰੀਕਾ ਤੋਂ ਆਈ ਹਸਤੀ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਦੇ ਯੁੱਗ ਵਿਚ ਅਸੀਂ ਘਰਾਂ ਵਿਚ ਬੈਠੇ ਹੀ ਆਪਣਿਆਂ ਤੋਂ ਦੂਰ ਹੋ ਚੁੱਕੇ ਹਾਂ, ਰਿਸ਼ਤਿਆਂ ਵਿਚੋਂ ਸਤਿਕਾਰ ਦੇ ਮਨਫ਼ੀ ਹੋਣ ਪਿੱਛੇ ਸਮਾਰਟਫੋਨ, ਸੋਸ਼ਲ ਮੀਡੀਆ ਦਾ ਵੱਡਾ ਰੋਲ ਹੈ।
ਸ਼੍ਰੋਮਣੀ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਸਾਦੇ ਅਤੇ ਟਿਕਾਊ ਸ਼ਬਦਾਂ ‘ਚ ਰਿਸ਼ਤਿਆਂ ਦਾ ਸਤਿਕਾਰ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਵੱਡਿਆਂ ਅੱਗੇ ਝੁੱਕ ਜਾਣਾ ਹੀ ਵੱਡਾ ਸਤਿਕਾਰ ਹੈ। ਉਨ੍ਹਾਂ ਦੱਸਿਆ ਕਿ ਆਪਣੀ ਮਾਤ ਭਾਸ਼ਾ ਵਿਚ ਰਹਿ ਕੇ ਮਾਪਿਆਂ ਨੂੰ ਸਤਿਕਾਰ ਦਿੱਤਾ ਜਾਵੇ। ਰਿਸ਼ਤਿਆਂ ਵਿਚ ਵੱਡਾ-ਛੋਟਾ ਹੋਣਾ ਓਨਾ ਲਾਜ਼ਮੀ ਨਹੀਂ, ਜਿਨ੍ਹਾਂ ਕਿ ਨਿਮਰਤਾ ਅਤੇ ਸਾਦਗੀ ਹੈ। ਪ੍ਰਿੰਸੀਪਲ ਲਖਵੰਤ ਕੌਰ ਕੈਨੇਡਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡੀ ਬੋਲਬਾਣੀ ਹੀ ਸਾਡੇ ਅੰਦਰਲੇ ਸਤਿਕਾਰ ਦਾ ਸ਼ੀਸ਼ਾ ਹੁੰਦੀ ਹੈ, ਤਲਖ ਅਤੇ ਕੋੜੇ ਬੋਲ ਰਿਸ਼ਤਿਆਂ ਦੀਆਂ ਜੜ੍ਹਾਂ ਵੱਢ ਦਿੰਦੇ ਹਨ। ਉਨ੍ਹਾਂ ਕਿਹਾ ਕਿ ਰਿਸ਼ਤੇ ਕੱਚੇ ਧਾਗੇ ਵਾਂਗ ਹੁੰਦੇ ਹਨ, ਇਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਦੀ ਗੰਢ ਨਾਲ ਹੀ ਪੱਕਾ ਕੀਤਾ ਜਾ ਸਕਦਾ ਹੈ।
ਲੁਧਿਆਣਾ ਦੀ ਪ੍ਰਮੁੱਖ ਸ਼ਖ਼ਸੀਅਤ ਡਾ. ਨੀਲਮ ਖੋਸਲਾ ਨੇ ਕਿਹਾ ਕਿ ਰਿਸ਼ਤਿਆਂ ਨੂੰ ਸਾਂਭਣ ਦੀ ਜਾਚ ਆਉਣੀ ਲਾਜ਼ਮੀ ਹੈ, ਝੁੱਕ ਕੇ ਗਲਤੀ ਮੰਨਣ ਵਾਲਾ ਹੀ ਰਿਸ਼ਤਿਆਂ ਦੀ ਅਸਲ ਕੀਮਤ ਜਾਣਦਾ ਹੈ, ਜਦੋਂ ਸਾਡੇ ਆਪਸੀ ਵਿਹਾਰ ਵਿਚ ਨਿਮਰਤਾ ਅਤੇ ਸਤਿਕਾਰ ਸ਼ਾਮਲ ਹੋ ਜਾਂਦਾ ਹੈ, ਤਾਂ ਇਹ ਆਮ ਜ਼ਿੰਦਗੀ ਵੀ ਕਮਾਲ ਬਣ ਜਾਂਦੀ ਹੈ।
ਕੈਨੇਡਾ ਤੋਂ ਆਏ ਰਿਟਾਇਰਡ ਪੀ.ਸੀ.ਐੱਸ. ਅਧਿਕਾਰੀ ਸ. ਹਰਚਰਨ ਸਿੰਘ ਸੰਧੂ ਮਾਣੂੰਕੇ ਨੇ ਕਿਹਾ ਕਿ ਮਾਂ-ਬਾਪ ਤੇ ਪਰਿਵਾਰ ਸਾਨੂੰ ਜੋ ਸਿਖਾਉਂਦਾ ਹੈ, ਉਹ ਸਾਰੀ ਉਮਰ ਦੇਸ਼ ਪਰਦੇਸ਼ ਵਿਚ ਕੰਮ ਆਉਂਦਾ ਹੈ। ਵਿਨੀਪੈਗ (ਕੈਨੇਡਾ) ਸਥਿਤ ਰੇਡੀਓ ਆਪਣਾ ਦੀ ਮੁੱਖ ਸੰਚਾਲਕ ਮਨਧੀਰ ਕੌਰ ਮਨੂ ਨੇ ਵੀ ਸਰੋਤਿਆਂ ਨਾਲ ਮੁੱਲਵਾਨ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ਰਿਸ਼ਤਿਆਂ ਦੀ ਅਸਲ ਪਰਖ ਹੁੰਦੀ ਹੈ। ਖੂਨ ਦੇ ਰਿਸ਼ਤੇ ਵੀ ਸੰਕਟ ਵੇਲੇ ਪਰਖੇ ਜਾਂਦੇ ਹਨ ਪਰ ਆਪਣੀ ਮਰਜ਼ੀ ਨਾਲ ਸਿਰਜੇ ਰਿਸ਼ਤੇ ਬਹੁਤੀ ਵਾਰ ਪਰਖ ਵਿਚੋਂ ਪਾਸ ਹੋ ਜਾਂਦੇ ਹਨ। ਇਸ ਲਈ ਰਿਸ਼ਤਿਆਂ ਵਿਚ ਸੰਤੁਲਨ ਜ਼ਰੂਰੀ ਹੈ। ਇਸ ਮੌਕੇ ਸਾਬਕਾ ਡੀ.ਪੀ.ਆਰ.ਓ. ਸ. ਗਿਆਨ ਸਿੰਘ ਮੋਗਾ, ਪ੍ਰਿੰਸੀਪਲ ਬਲਦੇਵ ਬਾਵਾ, ਬਾਬੂ ਸਿੰਘ ਇੰਸਪੈਕਟਰ, ਕਰਨੈਲ ਸਿੰਘ ਗਿੱਲ, ਅਨਿਲ ਸੇਠੀ, ਬੀਬੀ ਜੋਗਿੰਦਰ ਕੌਰ, ਰਾਕੇਸ਼ ਗੋਇਲ, ਹਰਬੰਤ ਸਿੰਘ ਦਿਓਲ, ਹਰਬਿੰਦਰ ਗਰੇਵਾਲ, ਹੇਮਰਾਜ ਗੋਇਲ, ਅਰਜਨ ਬਾਵਾ, ਦਮਨ ਸ਼ਰਮਾ, ਕਿਰਪਾਲ ਹੰਭੜਾਂ, ਜਗਜੀਵਨ ਸਿੰਘ ਗਰੀਬ ਨੇ ਵੀ ਸ਼ਿਰਕਤ ਕੀਤੀ।
ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਪੂਰੇ ਸਮਾਰੋਹ ਦੀ ਸਮਾਪਤੀ ਸਮੇਂ ਸਮੁੱਚੇ ਬੁਲਾਰਿਆਂ ਤੇ ਪ੍ਰਵਾਸੀ ਮਹਿਮਾਨਾਂ ਨੂੰ ਪੁਸਤਕਾਂ ਦੇ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਭ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਫਾਊਂਡੇਸ਼ਨ ਧਾਰਮਿਕ ਸਮਾਗਮਾਂ ਦੇ ਨਾਲ ਸਮਾਜਿਕ ਪ੍ਰੋਗਰਾਮਾਂ ਨੂੰ ਵੀ ਪਹਿਲ ਦਿੰਦੀ ਹੈ ਅਤੇ ਨੇੜ ਭਵਿੱਖ ਵਿਚ ਸਾਦੇ ਵਿਆਹ ਦੇ ਨਾਲ-ਨਾਲ ਸਮਾਜਿਕ ਸਮਾਰੋਹਾਂ ਵਿਚ ਭੋਜਨ ਦੀ ਬੇਹੁਰਮਤੀ ਬਾਰੇ ਵੀ ਗੋਸ਼ਟੀਆਂ ਕਰਵਾਈਆਂ ਜਾਣਗੀਆਂ।
ਫਾਊਂਡੇਸ਼ਨ ਦੇ ਸਰਪ੍ਰਸਤ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਸਭਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੰਗੇ ਵਿਚਾਰਾਂ ਦੀ ਸੰਗਤ ਨਾਲ ਹੀ ਰਿਸ਼ਤਿਆਂ ਸਤਿਕਾਰ ਪ੍ਰਬਲ ਹੋਵੇਗਾ। ਸਾਨੂੰ ਆਪੋ-ਆਪਣੇ ਪ੍ਰਭਾਵ ਖੇਤਰ ਵਿਚ ਨਫ਼ਰਤ ਤੇ ਸਾੜੇ ਕੀਨੇ ਦੀ ਥਾਂ ਮੁਹੱਬਤ ਬੀਜਣੀ ਚਾਹੀਦੀ ਹੈ।