#EUROPE

ਯੂ.ਕੇ. ਬ੍ਰਾਡਕਾਸਟਿੰਗ ਸ਼ਰਤਾਂ ਪੂਰੀਆਂ ਨਾ ਕਰਨ ‘ਤੇ ਪ੍ਰਵਾਸੀ ਭਾਈਚਾਰੇ ਦੇ ਚੈਨਲ ਦਾ ਲਾਇਸੈਂਸ ਰੱਦ

ਲੰਡਨ, 9 ਫਰਵਰੀ (ਪੰਜਾਬ ਮੇਲ)- ਯੂ.ਕੇ. ਮੀਡੀਆ ਨਿਗਰਾਨ ਨੇ ਰੈਗੂਲੇਟਰੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਹੇਠ ਇੰਡੀਅਨ ਡਾਇਸਪੋਰਾ ‘ਤੇ ਕੇਂਦਰਿਤ ਐੱਮ.ਏ. ਟੀ.ਵੀ. ਨਾਲ ਸਬੰਧਤ ਪ੍ਰਸਾਰਨ ਲਾਇਸੈਂਸ ਰੱਦ ਕਰ ਦਿੱਤੇ ਹਨ, ਜਿਸ ਨਾਲ ਸੈਟੇਲਾਈਟ ਚੈਨਲ ਫੌਰੀ ਬੰਦ ਹੋ ਜਾਵੇਗਾ।
ਆਫਿਸ ਆਫ ਕਮਿਊਨੀਕੇਸ਼ਨਜ਼ (ਆਫਕਾਮ) ਨੇ ਸ਼ੁੱਕਰਵਾਰ ਨੂੰ ਚੈਨਲ ਦਾ ਲਾਇਸੈਂਸ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ। ਇਹ ਕਦਮ ਅਗਸਤ 2024 ਵਿਚ ਕੀਤੀ ਗਈ ਜਾਂਚ, ਜਿਸ ਵਿਚ ਚੈਨਲ ਦਾ ਲਾਇਸੈਂਸ ‘ਗ਼ਲਤ ਤਰੀਕੇ’ ਨਾਲ ਮਿਡਲਸੈਕਸ ਬਰਾਡਕਾਸਟਿੰਗ ਕਾਰਪੋਰੇਸ਼ਨ ਲਿਮਟਿਡ ਕੋਲ ਹੋਣ ਦਾ ਪਤਾ ਲੱਗਣ ‘ਤੇ ਚੁੱਕਿਆ ਗਿਆ ਹੈ। ਇਕ ਲਾਇਸੈਂਸ ਐੱਮ.ਏ. ਟੀ.ਵੀ. ਨੈਸ਼ਨਲ ਨਾਲ ਜੁੜਿਆ ਹੋਇਆ ਸੀ, ਜੋ ਇਕ ਸੈਟੇਲਾਈਟ ਚੈਨਲ ਸੀ ਅਤੇ ਹਿੰਦੀ, ਉਰਦੂ, ਅੰਗਰੇਜ਼ੀ, ਗੁਜਰਾਤੀ ਅਤੇ ਪੰਜਾਬੀ ਵਿਚ ਭਾਰਤੀ ਪ੍ਰੋਗਰਾਮ ਪ੍ਰਸਾਰਿਤ ਕਰਦਾ ਸੀ; ਦੂਜਾ ਲਾਇਸੈਂਸ ਐੱਮ.ਏ. ਟੀ.ਵੀ. ਮਿਊਜ਼ਿਕ ਲਈ ਸੀ। ਇਹ ਵੀ ਸੈਟੇਲਾਈਟ ਟੈਲੀਵੀਜ਼ਨ ਸੇਵਾ ਸੀ, ਜੋ ਕਥਿਤ ਤੌਰ ‘ਤੇ ਬੰਦ ਸੀ।
ਆਫਕਾਮ ਨੇ ਬਿਆਨ ਵਿਚ ਕਿਹਾ, ”ਯੂ.ਕੇ. ਵਿਚ, ਸੰਸਦ ਵਿਚ ਬਣਾਏ ਬ੍ਰਾਡਕਾਸਟਿੰਗ ਕਾਨੂੰਨਾਂ ਮੁਤਾਬਕ, ਪ੍ਰਸਾਰਨ ਲਾਇਸੈਂਸਧਾਰਕ ਦਾ ਲਾਇਸੈਂਸ ਵਾਲੀ ਸੇਵਾ ‘ਤੇ ਕੰਟਰੋਲ ਹੋਣਾ ਚਾਹੀਦਾ ਹੈ, ਜਿਸ ਵਿਚ ਉਨ੍ਹਾਂ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਸੰਪਾਦਕੀ ਨਿਗਰਾਨੀ ਵੀ ਸ਼ਾਮਲ ਹੈ।” ਜਾਂਚ ਵਿਚ ਸਾਹਮਣੇ ਆਇਆ ਕਿ ਐੱਮ.ਏ. ਟੀ.ਵੀ. ਨੈਸ਼ਨਲ ਅਤੇ ਐੱਮ.ਏ. ਟੀ.ਵੀ. ਮਿਊਜ਼ਿਕ ਸੇਵਾ ਦੇ ਲਾਇਸੈਂਸਧਾਰਕ ਐੱਮ.ਬੀ.ਸੀ.ਐੱਲ. ਕੋਲ ਐੱਮ.ਏ. ਟੀ.ਵੀ. ਪ੍ਰਸਾਰਨ ਦੀ ਸੰਪਾਦਕੀ ਜ਼ਿੰਮੇਵਾਰੀ ਨਹੀਂ ਸੀ, ਜਿਸ ਕਾਰਨ ਐੱਮ.ਬੀ.ਸੀ.ਐੱਲ. ਲਾਇਸੈਂਸ ਵਾਲੀਆਂ ਸੇਵਾਵਾਂ ‘ਤੇ ਕੰਟਰੋਲ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ। ਐੱਮ.ਬੀ.ਸੀ.ਐੱਲ. ਨੂੰ ਸ਼ਰਤਾਂ ਪੂਰੀਆਂ ਕਰਨ ਲਈ ਲੋੜੀਂਦਾ ਸਮਾਂ ਦਿੱਤਾ ਗਿਆ ਪਰ ਉਹ ਨਾਕਾਮ ਰਿਹਾ।
ਆਫਕਾਮ ਨੇ ਅਧਿਕਾਰਤ ਵਿਅਕਤੀ ਕੁਲਦੀਪ ਸਿੰਘ ਸ਼ੇਖਾਵਤ ਨਾਲ ਸੰਪਰਕ ਕੀਤਾ, ਤਾਂ ਪਤਾ ਲੱਗਿਆ ਕਿ ਉਹ ਉਸ ਦੌਰਾਨ ਓਵਰਸੀਜ਼ ਫਰੈਂਡਜ਼ ਆਫ ਦਿ ਭਾਰਤੀ ਜਨਤਾ ਪਾਰਟੀ ਯੂ.ਕੇ. ਦਾ ਪ੍ਰਧਾਨ ਵੀ ਸਨ। ਆਫਕਾਮ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਜੋ ਅਜਿਹੀ ਜਥੇਬੰਦੀ ਨਾਲ ਸਬੰਧਤ ਹੈ, ਜਿਸ ਦਾ ਉਦੇਸ਼ ਜ਼ਿਆਦਾਤਰ ਸਿਆਸੀ ਹੈ, ਤਾਂ ਉਸ ਨੂੰ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ।