#AMERICA

ਚੋਣਾਂ ਦਾ ਕੌਮੀਕਰਨ ਕਰ ਦੇਣਾ ਚਾਹੀਦਾ : ਟਰੰਪ

ਸੈਕਰਾਮੈਂਟੋ, 7 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਰਿਪਬਲੀਕਨਾਂ ਨੂੰ ਕਿਹਾ ਹੈ ਕਿ ਵੋਟਿੰਗ ਪ੍ਰਕ੍ਰਿਆ ਦਾ  ਸੰਘੀਕਰਨ ਕਰ ਦੇਣਾ ਚਾਹੀਦਾ ਹੈ ਤੇ ਰਾਜਾਂ ਕੋਲ ਕੰਟਰੋਲ ਨਹੀਂ ਹੋਣਾ ਚਾਹੀਦਾ। ਟਰੰਪ ਨੇ 2020 ‘ਚ ਚੋਣ ਧਾਂਦਲੀ ਤੇ ਪ੍ਰਵਾਸੀਆਂ ਦੀਆਂ ਗੈਰ ਕਾਨੂੰਨੀ ਵੋਟਾਂ ਦਾ ਮੁੱਦਾ ਫਿਰ ਉਠਾਇਆ ਹੈ। 2020 ਵਿਚ ਉਹ ਜੋਅ ਬਾਇਡਨ ਕੋਲੋਂ ਚੋਣ ਹਾਰ ਗਏ ਸਨ। ਟਰੰਪ ਡੈਨ ਬੋਨਗਿਨੋ ਦੇ ਪੌਡਕਾਸਟ ਉਪਰ ਗੱਲ ਕਰ ਰਹੇ ਸਨ। ਟਰੰਪ ਦਾ ਇਹ ਬਿਆਨ ਐੱਫ.ਬੀ.ਆਈ. ਵੱਲੋਂ 2020 ਦੀਆਂ ਆਮ ਚੋਣਾਂ ਸਬੰਧੀ ਜਾਂਚ ਦੇ ਹਿੱਸੇ ਵਜੋਂ ਜਾਰਜੀਆ ਵਿਚ ਐਟਲਾਂਟਾ ਨੇੜੇ ਫਲਟੋਨ ਕਾਊਂਟੀ ਇਲੈਕਸ਼ਨ ਸੈਂਟਰ ਵਿਖੇ ਸਰਚ ਵਾਰੰਟਾਂ ਤਹਿਤ ਮਾਰੇ ਛਾਪੇ ਤੋਂ ਬਾਅਦ ਆਇਆ ਹੈ। ਜਾਰਜੀਆ ਉਨ੍ਹਾਂ ਰਾਜਾਂ ਵਿਚ ਸ਼ਾਮਲ ਹੈ, ਜਿਨ੍ਹਾਂ ਵਿਚ ਜੋਅ ਬਾਇਡਨ ਦੀ ਜਿੱਤ ਹੋਈ ਸੀ। ਟਰੰਪ ਨੇ ਕਿਹਾ, ”ਕੁਝ ਰਾਜ ਹਨ, ਜਿਥੋਂ ਮੈਂ ਜਿੱਤਿਆ ਸੀ, ਬਾਇਡਨ ਨਹੀਂ ਜਿੱਤਿਆ ਸੀ। ਹੁਣ ਤੁਸੀਂ ਵੇਖੋਗੇ ਕਿ ਜਾਰਜੀਆ ਵਿਚ ਕੁਝ ਦਿਲਚਸਪ ਚੀਜ਼ਾਂ ਸਾਹਮਣੇ ਆਉਣਗੀਆਂ।”