#INDIA

ਗੁਆਂਢੀ ਦੇਸ਼ ਮਿਆਂਮਾਰ ‘ਚ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਆ ਰਹੇ ਭੂਚਾਲ ਕਾਰਨ ਲੋਕਾਂ ‘ਚ ਭਾਰੀ ਦਹਿਸ਼ਤ

-ਭਾਰਤ ‘ਤੇ ਵੀ ਮੰਡਰਾ ਰਿਹਾ ਖ਼ਤਰਾ
ਨਵੀਂ ਦਿੱਲੀ, 7 ਫਰਵਰੀ (ਪੰਜਾਬ ਮੇਲ)- ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ‘ਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੇ ਲੋਕਾਂ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅੱਜ ਇੱਕ ਵਾਰ ਫਿਰ ਮਿਆਂਮਾਰ ਵਿਚ 3.9 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐੱਨ.ਸੀ.ਐੱਸ.) ਅਨੁਸਾਰ, ਇਹ ਝਟਕਾ ਭਾਰਤੀ ਸਮੇਂ ਅਨੁਸਾਰ ਦੁਪਹਿਰ 03:01 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਗਹਿਰਾਈ ਜ਼ਮੀਨ ਤੋਂ 85 ਕਿਲੋਮੀਟਰ ਅੰਦਰ ਸੀ।
ਮਿਆਂਮਾਰ ਵਿਚ ਪਿਛਲੇ ਕੁਝ ਦਿਨਾਂ ਤੋਂ ਭੂਚਾਲਾਂ ਦੀ ਝੜੀ ਲੱਗੀ ਹੋਈ ਹੈ। ਸ਼ੁੱਕਰਵਾਰ ਨੂੰ 4.9 ਤੀਬਰਤਾ, 3 ਫਰਵਰੀ ਨੂੰ 5.3 ਤੀਬਰਤਾ ਅਤੇ 2 ਫਰਵਰੀ ਨੂੰ 4.5 ਤੀਬਰਤਾ ਦੇ ਝਟਕੇ ਲੱਗ ਚੁੱਕੇ ਹਨ। ਲਗਾਤਾਰ ਆ ਰਹੇ ਇਨ੍ਹਾਂ ਝਟਕਿਆਂ ਕਾਰਨ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਰਾਤਾਂ ਨੂੰ ਸੌਂ ਵੀ ਨਹੀਂ ਪਾ ਰਹੇ ਅਤੇ ਹਰ ਛੋਟੇ ਝਟਕੇ ਨਾਲ ਘਰਾਂ ਤੋਂ ਬਾਹਰ ਭੱਜ ਰਹੇ ਹਨ।
ਮਾਹਿਰਾਂ ਅਨੁਸਾਰ ਮਿਆਂਮਾਰ ਵਿਚ ਆਏ ਇਨ੍ਹਾਂ ਭੂਚਾਲ ਦੇ ਝਟਕਿਆਂ ਦਾ ਅਸਰ ਗੁਆਂਢੀ ਦੇਸ਼ ਭਾਰਤ ਵਿਚ ਵੀ ਦੇਖਣ ਨੂੰ ਮਿਲਿਆ ਹੈ। ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਸੂਬਿਆਂ ‘ਚ ਵੀ ਕਈ ਥਾਵਾਂ ‘ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਉੱਥੇ ਵੀ ਲੋਕਾਂ ਵਿਚ ਚਿੰਤਾ ਦੀ ਲਹਿਰ ਹੈ।
ਮਿਆਂਮਾਰ ਭੂਗੋਲਿਕ ਤੌਰ ‘ਤੇ 4 ਟੈਕਟੋਨਿਕ ਪਲੇਟਾਂ (ਭਾਰਤੀ, ਯੂਰੇਸ਼ੀਅਨ, ਸੁੰਡਾ ਅਤੇ ਬਰਮਾ ਪਲੇਟਾਂ) ਦੇ ਵਿਚਕਾਰ ਫਸਿਆ ਹੋਇਆ ਹੈ। ਇਨ੍ਹਾਂ ਪਲੇਟਾਂ ਦੇ ਆਪਸ ਵਿਚ ਟਕਰਾਉਣ ਕਾਰਨ ਇੱਥੇ ਭੂ-ਗਰਭੀ ਗਤੀਵਿਧੀਆਂ ਤੇਜ਼ ਹੁੰਦੀਆਂ ਰਹਿੰਦੀਆਂ ਹਨ। ਦੇਸ਼ ਦੀ ਲਗਭਗ 46 ਫੀਸਦੀ ਆਬਾਦੀ ਸਾਗਿੰਗ, ਮਾਂਡਲੇ ਅਤੇ ਯਾਂਗੂਨ ਵਰਗੇ ਇਲਾਕਿਆਂ ਵਿਚ ਰਹਿੰਦੀ ਹੈ, ਜੋ ਕਿ ਭੂਚਾਲ ਦੇ ਖ਼ਤਰੇ ਵਾਲੇ ਮੁੱਖ ਜ਼ੋਨ ਹਨ।