ਮੁੰਬਈ, 28 ਜਨਵਰੀ (ਪੰਜਾਬ ਮੇਲ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਹਾਦਸੇ ‘ਚ ਦੇਹਾਂਤ ਹੋ ਗਿਆ ਹੈ। ਮੁੰਬਈ ਤੋਂ ਬਾਰਾਮਤੀ ਲਈ ਰਵਾਨਾ ਹੋਏ ਅਜੀਤ ਪਵਾਰ ਦਾ ਜਹਾਜ਼ 8.45 ‘ਤੇ ਬਾਰਾਮਤੀ ‘ਚ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ। ਡੀ.ਜੀ.ਸੀ.ਏ. ਨੇ ਦੱਸਿਆ ਕਿ ਹਾਦਸੇ ‘ਚ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੁੱਧਵਾਰ ਸਵੇਰੇ ਜਦੋਂ ਇਹ ਹਾਦਸਾ ਹੋਇਆ, ਤਾਂ ਅਜੀਤ ਪਵਾਰ ਜ਼ਿਲ੍ਹਾ ਪ੍ਰੀਸ਼ਦ ਚੋਣ ਪ੍ਰਚਾਰ ਲਈ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ।
ਜਾਣਕਾਰੀ ਮੁਤਾਬਕ ਇਹ ਇਕ ਪ੍ਰਾਈਵੇਟ ਜੈੱਟ ਸੀ ਅਤੇ ਤਸਵੀਰਾਂ ‘ਚ ਦਿਖਾਇਆ ਜਾ ਰਿਹਾ ਹੈ ਕਿ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਤੇ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ। ਲੋਅ ਵਿਜੀਬਿਲਟੀ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਅਜੀਤ ਪਵਾਰ ਦੇ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ, ਸੁਰੱਖਿਆ ਕਰਮਚਾਰੀ ਅਤੇ ਜਹਾਜ਼ ਸਟਾਫ ਵੀ ਜਹਾਜ਼ ਵਿਚ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਅਜੀਤ ਪਵਾਰ 1991 ‘ਚ ਬਾਰਾਮਤੀ ਸੰਸਦੀ ਖੇਤਰ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਇਸ ਤੋਂ ਇਲਾਵਾ ਉਹ ਬਾਰਾਮਤੀ ਵਿਧਾਨ ਸਭਾ ਤੋਂ 7 ਵਾਰ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ। ਉਨ੍ਹਾਂ ਨੇ ਪਹਿਲੀ ਵਾਰ 1991 ਦੀ ਉਪ ਚੋਣ ‘ਚ ਜਿੱਤ ਹਾਸਲ ਕੀਤੀ ਅਤੇ ਉਸ ਤੋਂ ਬਾਅਦ 1995, 1999, 2004, 2009 ਅਤੇ 2014 ‘ਚ ਲਗਾਤਾਰ ਪੰਜ ਕਾਰਜਕਾਲ ਲਈ ਇਸ ਨੂੰ ਬਰਕਰਾਰ ਰੱਖਿਆ।
ਅਜੀਤ ਪਵਾਰ ਮਹਾਰਾਸ਼ਟਰ ਦੇ ਦਿੱਗਜ ਨੇਤਾ ਸਨ ਅਤੇ ਉਹ ਐੱਨ.ਸੀ.ਪੀ. ਦੇ ਮੁਖੀ ਵੀ ਸਨ। ਸਿਰਫ 13 ਸਾਲਾਂ ‘ਚ ਉਨ੍ਹਾਂ ਨੇ 5 ਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 10 ਨਵੰਬਰ 2010 ਨੂੰ ਪਹਿਲੀ ਵਾਰ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ ਸੀ। ਇਸ ਦੌਰਾਨ ਰਾਜ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਸੀ। ਇਸ ਤੋਂ ਬਾਅਦ 25 ਅਕਤੂਬਰ 2012 ਨੂੰ ਉਨ੍ਹਾਂ ਨੇ ਦੂਜੀ ਵਾਰ ਸਹੁੰ ਚੁੱਕੀ ਸੀ। ਇਸ ਮੌਕੇ ਵੀ ਰਾਜ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਸਨ।
ਜਹਾਜ਼ ਹਾਦਸੇ ‘ਚ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ 5 ਲੋਕਾਂ ਦੀ ਮੌਤ

