#CANADA

ਸਾਲ 2026 ਸੰਭਾਵੀ ਤੌਰ ‘ਤੇ ਦੁਨੀਆਂ ਦੇ ਇਤਿਹਾਸ ਦੇ ਚਾਰ ਸਭ ਤੋਂ ਗਰਮ ਸਾਲਾਂ ਵਿਚੋਂ ਇਕ ਹੋ ਸਕਦੈ

ਓਟਵਾ, 22 ਜਨਵਰੀ (ਪੰਜਾਬ ਮੇਲ)- ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਮੁਤਾਬਕ ਸਾਲ 2026 ਸੰਭਾਵੀ ਤੌਰ ‘ਤੇ ਦੁਨੀਆਂ ਦੇ ਇਤਿਹਾਸ ਦੇ ਚਾਰ ਸਭ ਤੋਂ ਗਰਮ ਸਾਲਾਂ ਵਿਚੋਂ ਇਕ ਹੋ ਸਕਦਾ ਹੈ। ਵਿਗਿਆਨੀਆਂ ਮੁਤਾਬਕ 2026 ਰਿਕਾਰਡਤੋੜ ਤਾਪਮਾਨ ਵਾਲੇ ਸਾਲਾਂ ਦੀ ਸੂਚੀ ਵਿਚ ਸ਼ਾਮਲ ਹੋਵੇਗਾ।
ਮਾਡਲਿੰਗ ਦੱਸਦੀ ਹੈ ਕਿ ਇਸ ਸਾਲ ਧਰਤੀ ਦਾ ਔਸਤ ਤਾਪਮਾਨ ਉਦਯੋਗੀਕਰਨ ਤੋਂ ਪਹਿਲਾਂ ਦੇ ਸਮੇਂ ਨਾਲੋਂ 1.35 ਤੋਂ 1.53 ਡਿਗਰੀ ਸੈਲਸੀਅਸ ਵੱਧ ਹੋ ਸਕਦਾ ਹੈ। ਇਸ ਗੱਲ ਦੀ ਕਰੀਬ 12 ਫ਼ੀਸਦੀ ਸੰਭਾਵਨਾ ਹੈ ਕਿ ਤਾਪਮਾਨ 1.5 ਡਿਗਰੀ ਸੈਲਸੀਅਸ ਦੀ ਮਹੱਤਵਪੂਰਨ ਹੱਦ ਤੋਂ ਵੀ ਉੱਪਰ ਚਲਾ ਜਾਵੇ।
ਵਿਗਿਆਨੀਆਂ ਮੁਤਾਬਕ ਗਲੋਬਲ ਵਾਰਮਿੰਗ ਲਈ ਮੁੱਖ ਤੌਰ ‘ਤੇ ਕੋਲਾ, ਤੇਲ ਅਤੇ ਗੈਸ ਵਰਗੇ ਫ਼ੋਸਿਲ ਇੰਧਨ ਨਾਲ ਵਧ ਰਹੀਆਂ ਕਾਰਬਨ ਗੈਸਾਂ ਜ਼ਿੰਮੇਵਾਰ ਹਨ। ਨਾਲ ਹੀ 2023-2024 ਦੌਰਾਨ ਆਇਆ ਤੀਬਰ ਐਲ ਨੀਨੋ ਮੌਸਮੀ ਪ੍ਰਭਾਵ ਵੀ ਉੱਚੇ ਤਾਪਮਾਨਾਂ ‘ਚ ਵਾਧਾ ਕਰ ਰਿਹਾ ਹੈ। ਪੈਰਿਸ ਸਮਝੌਤੇ ਤਹਿਤ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਗਲੋਬਲ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਦਾ ਟੀਚਾ ਰੱਖਿਆ ਹੈ। ਹਾਲਾਂਕਿ ਕਿਸੇ ਇਕ ਸਾਲ ਵਿਚ ਇਹ ਹੱਦ ਪਾਰ ਹੋ ਜਾਣਾ ਸਮਝੌਤੇ ਦੀ ਨਾਕਾਮੀ ਨਹੀਂ ਮੰਨੀ ਜਾਂਦੀ, ਪਰ ਇਹ ਧਰਤੀ ਦੇ ਗਲਤ ਦਿਸ਼ਾ ਵੱਲ ਵਧਣ ਦਾ ਸਪੱਸ਼ਟ ਸੰਕੇਤ ਹੈ।