ਟੋਰਾਂਟੋ, 22 ਜਨਵਰੀ (ਪੰਜਾਬ ਮੇਲ)- ਬੀਤੇ ਲੰਮੇ ਸਮੇਂ ਤੋਂ ਕੈਨੇਡਾ ਅਤੇ ਅਮਰੀਕਾ ਚੰਗੇ ਗੁਆਂਢੀ ਦੇਸ਼ਾਂ ਵਜੋਂ ਜਾਣੇ ਜਾਂਦੇ ਰਹੇ ਹਨ ਪਰ ਬੀਤੇ ਸਾਲ ਕੁ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੀਆਂ ਨੀਤੀਆਂ ਤਹਿਤ ਕੈਨੇਡਾ ਨਾਲ ਧਮਕੀ ਭਰੇ ਅੰਦਾਜ਼ ਵਿਚ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਉਸੇ ਅੰਦਾਜ਼ ਵਿਚ ਭਾਰਤ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਨੂੰ ਵੀ ਆਪਣੇ ਕਹਿਣੇ ਵਿਚ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਟਰੰਪ ਨੇ ਆਪਣੇ ਕਾਰਜਕਾਲ ਦੀ ਵਰ੍ਹੇਗੰਢ ਮਨਾ ਕੇ ਆਰਟਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਤਿਆਰ ਕਰ ਕੇ ਤਸਵੀਰ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀ, ਜਿਸ ਵਿਚ ਕੈਨੇਡਾ, ਗਰੀਨਲੈਂਡ ਅਤੇ ਵੈਂਜ਼ੂਏਲਾ ਨੂੰ ਅਮਰੀਕੀ ਝੰਡੇ ਰਾਹੀਂ ਅਮਰੀਕਾ ਦਾ ਹਿੱਸਾ ਦਿਖਾਇਆ ਗਿਆ ਹੈ।
ਅਜਿਹੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੀਆਂ ਫ਼ੌਜਾਂ ਨੂੰ ਮਜ਼ਬੂਤ ਕਰਨ ਲਈ ਰੱਖਿਆ ਬਜਟ ਵਧਾਇਆ ਅਤੇ ਨਾਟੋ ਭਾਈਵਾਲ ਦੇਸ਼ਾਂ ਨਾਲ ਤਾਲਮੇਲ ਵਧਾਇਆ ਜਾ ਰਿਹਾ ਹੈ। ਵਪਾਰ ਦੇ ਸਿਲਸਿਲੇ ਵਿਚ ਚੀਨ, ਭਾਰਤ ਅਤੇ ਯੂਰਪੀ ਦੇਸ਼ਾਂ ਨਾਲ ਕੈਨੇਡਾ ਦੀ ਨੇੜਤਾ ਵਧ ਰਹੀ ਹੈ। ਇਸੇ ਦੌਰਾਨ ਤਾਜ਼ਾ ਖ਼ਬਰ ਅਨੁਸਾਰ ਕੈਨੇਡਾ ਦੀਆਂ ਫ਼ੌਜਾਂ ਵੱਲੋਂ ਕਿਸੇ ਸੰਭਾਵੀ ਅਮਰੀਕੀ ਹਮਲੇ ਦਾ ਸਾਹਮਣਾ ਕਰਨ ਲਈ ਜੰਗੀ ਅਭਿਆਸ ਕੀਤੇ ਜਾ ਰਹੇ ਹਨ। ਦੇਸ਼ ਦੇ ਰੱਖਿਆ ਅਧਿਕਾਰੀ ਅਮਰੀਕੀ ਹਮਲੇ ਦੀ ਸੰਭਾਵਨਾ ਬਹੁਤ ਘੱਟ ਸਮਝ ਰਹੇ ਹਨ ਪਰ ਫ਼ੌਜਾਂ ਨੂੰ ਤਿਆਰ ਰੱਖਣ ਦੀ ਨੀਤੀ ਤਹਿਤ ਦੇਸ਼ ਦੇ ਉੱਤਰ ਵਿਚ (ਗਰੀਨਲੈਂਡ ਵਾਲੇ ਪਾਸੇ ਵੀ) ਫ਼ੌਜਾਂ ਦੀ ਗਸ਼ਤ, ਫ਼ੌਜੀ ਮਸ਼ੀਨਰੀ ਨਵਿਆਉਣ, ਅਮਰੀਕੀ ਸਰਹੱਦ ਉੱਪਰ ਹੈਲੀਕਾਪਟਰਾਂ ਰਾਹੀਂ ਚੌਕਸੀ ਦੇ ਤਰੀਕੇ ਵਰਤੇ ਜਾ ਰਹੇ ਹਨ। ਇਸ ਦੇ ਨਾਲ ਹੀ ਅਫ਼ਗ਼ਾਨ ਤੇ ਤਾਲਿਬਾਨ ਲੜਾਕਿਆਂ ਵੱਲੋਂ ਰੂਸ ਅਤੇ ਅਮਰੀਕੀ ਫ਼ੌਜਾਂ ਉੱਪਰ ਬੰਬ ਨਾਲ ਹਮਲਾ ਕਰ ਕੇ ਨੱਸ ਜਾਣ ਵਾਲੇ ਤਰੀਕੇ ਨਾਲ ਵੀ ਕੈਨੇਡੀਅਨ ਫ਼ੌਜੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਸਾਲ 2001 ਤੋਂ 2014 ਤੱਕ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜ ਦਾ ਸਾਥ ਦਿੰਦੇ ਹੋਏ ਕੈਨੇਡਾ ਦੇ 158 ਫ਼ੌਜੀ ਜਵਾਨ ਮਾਰੇ ਗਏ ਸਨ।
ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਕੋਲ ਅਮਰੀਕੀ ਫ਼ੌਜ ਦੇ ਬਰਾਬਰ ਨਵੀਨਤਮ ਹਥਿਆਰ ਤੇ ਥਲ, ਜਲ, ਅਤੇ ਹਵਾਈ ਤੇ ਹਵਾਈ ਫ਼ੌਜਾਂ ਨਹੀਂ ਹਨ, ਜਿਸ ਕਰ ਕੇ ਹਮਲਾ ਕਰ ਕੇ ਨੱਸਣ ਵਾਲੀ ਤਕਨੀਕ ਅਮਰੀਕੀ ਫ਼ੌਜ ਨੂੰ ਡਰਾਉਣ ਲਈ ਵਧੇਰੇ ਕਾਰਗਰ ਹੋਵੇਗੀ। ਬੀਤੀਆਂ ਦੋ ਕੁ ਸਦੀਆਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਅਜਿਹੇ ਅਸਥਿਰ ਹਾਲਾਤ ਪਹਿਲੀ ਵਾਰ ਪੈਦਾ ਹੋਏ ਹਨ, ਜਿਸ ਕਰ ਕੇ ਕੈਨੇਡਾ ਦੇ ਲੋਕਾਂ ਵੱਲੋਂ ਅਮਰੀਕਾ ‘ਚ ਸੈਰ ਕਰਨ ਜਾਣਾ ਅਤੇ ਉਸ ਦੇਸ਼ ਵਿਚ ਵਪਾਰ ਘੱਟ ਕੀਤਾ ਜਾਣਾ ਜਾਰੀ ਹੈ।
ਕੈਨੇਡੀਅਨ ਫ਼ੌਜ ਵੱਲੋਂ ਅਮਰੀਕੀ ਹਮਲੇ ਨਾਲ ਨਜਿੱਠਣ ਦੀ ਤਿਆਰੀ

