-ਜੋ ਕਿਹਾ, ਉਹ ਕੀਤਾ
ਵਾਸ਼ਿੰਗਟਨ ਡੀ.ਸੀ., 21 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੀ ਵਾਰ ਦੇ ਕਾਰਜਕਾਲ ਦਾ ਪਹਿਲਾ ਵਰ੍ਹਾ ਮੁਕੰਮਲ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ‘ਚੋਂ ਕੱਢ ਕੇ ਆਪੋ-ਆਪਣੇ ਦੇਸ਼ਾਂ ਨੂੰ ਭੇਜਣ ਦਾ ਬੀੜਾ ਚੁੱਕੀ ਰੱਖਿਆ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਅਮਰੀਕਾ ਦੇ ਨਾਲ ਲੱਗਦੀਆਂ ਕੈਨੇਡਾ ਤੇ ਮੈਕਸੀਕੋ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇੰਮੀਗ੍ਰੇਸ਼ਨ ਨੂੰ ਲੀਹ ‘ਤੇ ਲਿਆਉਣ ਲਈ ਉਨ੍ਹਾਂ ਨੇ ਵੱਡੀ ਗਰਾਂਟ ਦਿੱਤੀ ਹੈ। ਇਸ ਦੇ ਨਾਲ ਹੀ ਜਿਹੜੇ ਮੁਲਕਾਂ ਨੂੰ ਉਨ੍ਹਾਂ ਨੇ ਆਪਣੀਆਂ ਸ਼ਰਤਾਂ ਬਾਰੇ ਕਿਹਾ ਸੀ, ਉਹ ਨਾ ਲਾਗੂ ਕਰਨ ‘ਤੇ ਉਨ੍ਹਾਂ ਮੁਲਕਾਂ ‘ਤੇ ਭਾਰੀ ਟੈਰਿਫ ਵੀ ਲਾਏ ਗਏ, ਜਿਸ ਨਾਲ ਅਮਰੀਕਾ ਕੋਲ 3 ਟ੍ਰਿਲੀਅਨ ਡਾਲਰ ਦੇ ਨਜ਼ਦੀਕ ਮਾਲੀਆ ਇਕੱਤਰ ਹੋਇਆ ਹੈ।
ਪਿਛਲੇ ਲੰਮੇ ਸਮੇਂ ਤੋਂ ਪਰਿਵਾਰਕ ਵੀਜ਼ਿਆਂ ‘ਤੇ ਵੀ ਠੱਲ੍ਹ ਪਈ ਹੈ। ਜਿਨ੍ਹਾਂ ਨਾਗਰਿਕਾਂ ਨੇ ਆਪਣੇ ਰਿਸ਼ਤੇਦਾਰ ਲਈ ਅਪਲਾਈ ਕੀਤਾ ਸੀ, ਉਹ ਕੇਸ ਫਰੀਜ਼ ਕਰ ਦਿੱਤੇ ਗਏ ਹਨ, ਜਿਸ ਕਰਕੇ ਬਾਹਰੋਂ ਆਉਣ ਵਾਲੇ ਨਵੇਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਰਾਸ਼ਟਰਪਤੀ ਟਰੰਪ ਨੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਆਉਣ ਤੋਂ ਵਰਜਿਆ ਹੈ, ਉਥੇ ਕਾਨੂੰਨੀ ਤੌਰ ‘ਤੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ‘ਤੇ ਵੀ ਅੰਦਰਖਾਤੇ ਨੱਥ ਕੱਸੀ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਭਾਵੇਂ ਦੂਜੇ ਚਲੰਤ ਵੀਜ਼ਿਆਂ ‘ਤੇ ਰੋਕ ਲਗਾਈ ਹੈ। ਪਰ ਉਨ੍ਹਾਂ ਨੇ ਆਪਣੇ ਦੂਜੇ ਕਾਰਜਕਾਲ ਵਿਚ ‘ਟਰੰਪ ਗੋਲਡ ਵੀਜ਼ਾ’ ਚਲਾ ਕੇ ਅਮੀਰ ਲੋਕਾਂ ਨੂੰ ਅਮਰੀਕਾ ਵਿਚ ਆਣ ਕੇ ਵੱਸਣ ਦਾ ਸੱਦਾ ਦਿੱਤਾ ਹੈ, ਜਿਸ ਦਾ ਭਾਰੀ ਰਿਸਪਾਂਸ ਮਿਲਿਆ ਹੈ।
ਰਾਸ਼ਟਰਪਤੀ ਟਰੰਪ ਨੇ ਇਸ ਸਮੇਂ ਦੌਰਾਨ ਬਹੁਤ ਸਾਰੇ ਦੇਸ਼ਾਂ ‘ਤੇ ਪਾਬੰਦੀਆਂ ਵੀ ਲਾਈਆਂ ਹਨ ਅਤੇ ਉਨ੍ਹਾਂ ਦੇਸ਼ਾਂ ਨਾਲ ਸੰਬੰਧਤ ਇੰਮੀਗ੍ਰੇਸ਼ਨ ਅਰਜ਼ੀਆਂ ‘ਤੇ ਸੰਪੂਰਨ ਜਾਂ ਅੰਸ਼ਿਕ ਰੋਕਾਂ ਲਗਾ ਦਿੱਤੀਆਂ ਗਈਆਂ ਹਨ।
ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਵੈਨਜ਼ੁਏਲਾ ‘ਤੇ ਬੜੇ ਨਾਟਕੀ ਢੰਗ ਨਾਲ ਕਬਜ਼ਾ ਕੀਤਾ ਅਤੇ ਉਥੋਂ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਲਿਆਂਦਾ ਗਿਆ।
ਬਾਹਰਲੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਦੀ ਕਮੀ ਕਾਰਨ ਇੱਥੇ ਕਾਮਿਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਖੇਤੀਬਾੜੀ, ਕੰਸਟ੍ਰਕਸ਼ਨ ਅਤੇ ਹੋਰ ਵਪਾਰਕ ਅਦਾਰਿਆਂ ਵਿਚ ਕਾਮਿਆਂ ਦੀ ਕਮੀ ਕਾਰਨ ਮਾਲਕਾਂ ਨੂੰ ਕਾਫੀ ਨੁਕਸਾਨ ਉਠਾਉਣਾ ਪਿਆ ਹੈ।
ਰਾਸ਼ਟਰਪਤੀ ਟਰੰਪ ਨੇ ਆਪਣੇ ਇਸ ਕਾਰਜਕਾਲ ਦੌਰਾਨ ਬਹੁਤ ਸਾਰੇ ਦੇਸ਼ਾਂ ਦੀ ਜਿੱਥੇ ਖੁਦ ਵੀ ਯਾਤਰਾ ਕੀਤੀ, ਉਥੇ ਦੂਜੇ ਦੇਸ਼ਾਂ ਦੇ ਮੁਖੀਆਂ ਨੂੰ ਵ੍ਹਾਈਟ ਹਾਊਸ ਸੱਦ ਕੇ ਅੰਤਰਰਾਸ਼ਟਰੀ ਮਸਲਿਆਂ ‘ਤੇ ਵੀ ਚਰਚਾ ਕੀਤੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਜੋ ਕਹਿੰਦੇ ਹਨ, ਉਸ ‘ਤੇ ਖਰਾ ਉਤਰਦੇ ਹਨ। ਇਸੇ ਕਰਕੇ ਉਨ੍ਹਾਂ ਨੇ ਆਪਣੀ ਦੂਜੀ ਵਾਰੀ ਦੀਆਂ ਚੋਣਾਂ ਦੌਰਾਨ ਕੰਮਾਂ ਬਾਰੇ ਜੋ ਐਲਾਨ ਕੀਤੇ ਸਨ, ਉਸ ‘ਤੇ ਖਰਾ ਉਤਰ ਰਹੇ ਹਨ।
ਟਰੰਪ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਹੋਇਆ ਪੂਰਾ

