ਨਵੀਂ ਦਿੱਲੀ, 21 ਜਨਵਰੀ (ਪੰਜਾਬ ਮੇਲ)- ਨਿਤਿਨ ਨਬੀਨ ਨੂੰ ਰਸਮੀ ਤੌਰ ‘ਤੇ ਭਾਜਪਾ ਦਾ 12ਵਾਂ ਕੌਮੀ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਭਾਜਪਾ ਆਗੂ ਜੇ.ਪੀ. ਨੱਢਾ ਦੀ ਥਾਂ ਲਈ ਹੈ ਅਤੇ ਪਾਰਟੀ ਲਈ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਕਿਉਂਕਿ ਪਾਰਟੀ ਕੌਮੀ ਰਾਜਨੀਤੀ ‘ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਰਿਟਰਨਿੰਗ ਅਫ਼ਸਰ ਕੇ ਲਕਸ਼ਮਣ ਨੇ ਜਥੇਬੰਦਕ ਚੋਣ ਦੇ ਨਤੀਜੇ ਐਲਾਨੇ ਤੇ 45 ਸਾਲਾ ਨਬੀਨ ਨੂੰ ਚੋਣ ਸਰਟੀਫਿਕੇਟ ਸੌਂਪਿਆ। ਉਹ ਪਾਰਟੀ ਦੇ ਇਸ ਅਹੁਦੇ ‘ਤੇ ਬੈਠਣ ਵਾਲੇ ਹੁਣ ਤੱਕ ਦੇ ਸਭ ਤੋਂ ਨੌਜਵਾਨ ਪ੍ਰਧਾਨ ਹਨ। ਭਾਜਪਾ ਦੇ ਪਾਰਟੀ ਹੈੱਡਕੁਆਰਟਰ ‘ਚ ਸ਼੍ਰੀ ਨਬੀਨ ਦੇ ਅਹੁਦਾ ਸੰਭਾਲਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਤੇ ਹੋਰ ਆਗੂ ਹਾਜ਼ਰ ਸਨ। ਅਹੁਦਾ ਸੰਭਾਲਣ ਮਗਰੋਂ ਸ਼੍ਰੀ ਨਬੀਨ ਨੇ ਲੋਕਾਂ ਤੇ ਖਾਸ ਤੌਰ ‘ਤੇ ਨੌਜਵਾਨਾਂ ਨੂੰ ਰਾਜਨੀਤੀ ‘ਚ ਆਉਣ ਦੀ ਅਪੀਲ ਕੀਤੀ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕੀਤਾ ਜਾ ਸਕੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਬਦਲੇ ਬਣਦਾ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਕੇਂਦਰ ਸਰਕਾਰ ਨੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੂੰ ਸਿਖਰਲੇ ਵਰਗ ਦੀ ਵੀ.ਆਈ.ਪੀ. ‘ਜ਼ੈੱਡ’ ਸੁਰੱਖਿਆ ਮੁਹੱਈਆ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤਿਨ ਨਬੀਨ ਨੂੰ ਭਾਜਪਾ ਦਾ ਕੌਮੀ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਟੀ ਨਾਲ ਸਬੰਧਤ ਮਾਮਲਿਆਂ ‘ਚ ਇਹ ਨੌਜਵਾਨ ਆਗੂ ਉਨ੍ਹਾਂ ਦਾ ‘ਬੌਸ’ ਹੋਵੇਗਾ। ਸ਼੍ਰੀ ਮੋਦੀ ਨੇ 45 ਸਾਲਾ ਨਬੀਨ ਨੂੰ ਨੌਜਵਾਨ ਊਰਜਾ ਦੇ ਜਥੇਬੰਦੀ ‘ਚ ਵੱਡਾ ਤਜ਼ਰਬਾ ਰੱਖਣ ਵਾਲਾ ‘ਮਿਲੇਨੀਅਲ’ ਦੱਸਿਆ, ਜੋ ਪਾਰਟੀ ਲਈ ਬਹੁਤ ਮਦਦਗਾਰ ਹੋਵੇਗਾ।
ਨਿਤਿਨ ਨਬੀਨ ਭਾਜਪਾ ਦੇ 12ਵੇਂ ਕੌਮੀ ਪ੍ਰਧਾਨ ਬਣੇ

