#CANADA

ਕੈਨੇਡਾ ‘ਚ ਟਰੱਕਾਂ ਵਾਲਿਆਂ ਦੀ ਲੜਾਈ ਦੇ ਮਾਮਲੇ ‘ਚ 5 ਪੰਜਾਬੀ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫਤਾਰ

-ਢਾਈ ਕੁ ਮਹੀਨੇ ਬਰੈਂਪਟਨ ‘ਚ ਲੋਹੇ ਦੀਆਂ ਰਾਡਾਂ ਨਾਲ ਹੋਈ ਸੀ ਲੜਾਈ
ਵੈਨਕੂਵਰ, 20 ਜਨਵਰੀ (ਪੰਜਾਬ ਮੇਲ)- ਪੀਲ ਪੁਲਿਸ ਨੇ ਢਾਈ ਮਹੀਨੇ ਪਹਿਲਾਂ ਬਰੈਂਪਟਨ ਦੇ ਕੈਨੇਡੀ ਰੋਡ ਅਤੇ ਅਰੈਂਡਾ ਰੋਡ ਦੀ ਕਰਾਸਿੰਗ ਨੇੜੇ ਟੋਅ ਟਰੱਕਾਂ ਵਾਲਿਆਂ ਦੀ ਹੋਈ ਲੜਾਈ ਦੇ ਮਾਮਲੇ ‘ਚ ਪੰਜਾਬੀ ਮੂਲ ਦੇ ਪੰਜ ਮੁਲਜ਼ਮਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਦਿਨ ਡੇਢ ਕੁ ਦਰਜਨ ਟੋਅ ਟਰੱਕਾਂ ਵਾਲਿਆਂ ਨੇ ਇੱਕ ਦੂਜੇ ਉੱਤੇ ਮੁਕਾਬਲੇਬਾਜ਼ੀ ਦੇ ਦੋਸ਼ ਲਾ ਕੇ ਪਹਿਲਾਂ ਹੰਗਾਮਾ ਕੀਤਾ ਤੇ ਫਿਰ ਮਾਰ ਧਾੜ ‘ਤੇ ਉੱਤਰ ਆਏ ਸਨ। ਉਨ੍ਹਾਂ ਵਲੋਂ ਲੋਹੇ ਦੀਆਂ ਰਾਡਾਂ ਨਾਲ ਕੀਤੇ ਹਮਲੇ ਵਿਚ ਕਈਆਂ ਦੇ ਸਿਰ ਪਾਟੇ ਸਨ।
ਪੁਲਿਸ ਨੇ ਲੰਮੀ ਜਾਂਚ ਤੋਂ ਬਾਅਦ ਮੁੱਖ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਿਸ਼ਵ ਚੋਪੜਾ (27), ਜਸ਼ਨਦੀਪ ਸਿੰਘ (34), ਹਰਮਨਦੀਪ (27), ਤੇਜਿੰਦਰ ਚੋਪੜਾ (22) ਤੇ ਵਰੁਣ ਔਲ ਵਜੋਂ ਦੱਸੀ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਆਮ ਲੋਕਾਂ ਨੂੰ ਅੱਗੇ ਆ ਕੇ ਉਕਤ ਲੋਕਾਂ ਖਿਲਾਫ ਹੋਰ ਸਬੂਤ ਦੇਣ ਦੀ ਅਪੀਲ ਕੀਤੀ ਹੈ। ਮੁਲਜ਼ਮਾਂ ਨੂੰ ਅਗਲੇ ਦਿਨੀਂ ਅਦਾਲਤ ਵਿਚ ਪੇਸ਼ ਕੀਤਾ ਜਾਏਗਾ।