#AMERICA

ਅਮਰੀਕੀ ਸਿਟੀਜ਼ਨਸ਼ਿਪ ਪ੍ਰਕਿਰਿਆ ਵਿਚ ਨਵੀਆਂ ਤਬਦੀਲੀਆਂ ਕਾਰਨ ਪ੍ਰਵਾਸੀ ਹੋਏ ਪ੍ਰੇਸ਼ਾਨ

ਵਾਸ਼ਿੰਗਟਨ ਡੀ.ਸੀ., 14 ਜਨਵਰੀ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਪਿਛਲੇ ਦਿਨੀਂ ਅਮਰੀਕੀ ਨਾਗਰਿਕਤਾ ਦੀ ਮੰਗ ਕਰਨ ਵਾਲੇ ਨੈਚੂਰਲਾਈਜ਼ੇਸ਼ਨ ਟੈਸਟ ਨੂੰ ਸੋਧਿਆ ਸੀ। ਏਜੰਸੀ ਨੇ ਕਿਹਾ ਕਿ ਅਪਡੇਟ ਕੀਤੀ ਗਈ ਪ੍ਰੀਖਿਆ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਵਿਚ ਭਵਿੱਖ ਦੇ ਨਾਗਰਿਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਨਾਲ ਹੀ ਉਨ੍ਹਾਂ ਨੂੰ ਪਤਾ ਲੱਗੇ ਕਿ ਅਮਰੀਕਾ ਦਾ ਮਤਲਬ ਕੀ ਹੈ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਗਿਣਤੀ ਵਧਾ ਦਿੱਤੀ ਗਈ ਸੀ। ਯਾਨੀ ਕਿ ਪਹਿਲਾਂ ਕੁੱਲ 100 ਸਵਾਲ ਹੁੰਦੇ ਸਨ ਅਤੇ ਹੁਣ 128 ਸਵਾਲ ਸਿਲੇਬਸ ਵਿਚ ਰੱਖੇ ਗਏ ਹਨ। ਅਧਿਕਾਰੀਆਂ ਵੱਲੋਂ ਬਿਨੈਕਾਰਾਂ ਨੂੰ 20 ਸਵਾਲ ਪੁੱਛੇ ਜਾਂਦੇ ਹਨ, ਜਿਸ ਵਿਚੋਂ 12 ਠੀਕ ਹੋਣੇਂ ਲਾਜ਼ਮੀ ਹਨ। ਜਦਕਿ ਪਹਿਲਾਂ 10 ਸਵਾਲ ਪੁੱਛੇ ਜਾਂਦੇ ਸਨ ਅਤੇ ਉਸ ਵਿਚੋਂ 6 ਸਵਾਲਾਂ ਦਾ ਜਵਾਬ ਦੇਣ ਵਾਲੇ ਨੂੰ ਪਾਸ ਕਰ ਦਿੱਤਾ ਜਾਂਦਾ ਸੀ। ਇਸ ਦੇ ਨਾਲ ਹੀ ਬਿਨੈਕਾਰਾਂ ਦੀ ਅੰਗਰੇਜ਼ੀ ਭਾਸ਼ਾ ‘ਚ ਮੁਹਾਰਤ, ਅਮਰੀਕੀ ਇਤਿਹਾਸ ਦੇ ਗਿਆਨ, ਅਮਰੀਕਾ ਦੀ ਭੂਗੋਲਿਕ ਅਤੇ ਰਾਜਨੀਤੀ ਸਥਿਤੀ ਦਾ ਗਿਆਨ ਹੋਣਾ ਵੀ ਜ਼ਰੂਰੀ ਹੁੰਦਾ ਹੈ।
ਭਾਵੇਂ ਕਿ ਇਸ ਟੈਸਟ ‘ਚ ਬਦਲਾਅ ਕੁੱਝ ਸਮਾਂ ਪਹਿਲਾਂ ਹੋਇਆ ਸੀ, ਪਰ ਇਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਲੋਕ ਇਸ ਟੈਸਟ ਦੀ ਤਿਆਰੀ ਨਹੀਂ ਕਰਦੇ, ਜਿਸ ਕਰਕੇ ਉਹ ਇਸ ਨੂੰ ਪਾਸ ਕਰਨ ਵਿਚ ਅਸਮਰੱਥ ਹੋ ਜਾਂਦੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਤੋਂ ਇਹ ਬਦਲਾਅ ਹੋਇਆ ਹੈ, ਅਰਜ਼ੀਕਾਰਾਂ ਦੇ ਪਿਛੋਕੜ ਬਾਰੇ ਵੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਡਾਕਟਰੀ ਛੋਟਾਂ ਲਈ ਯੋਗਤਾ ਨੂੰ ਹੋਰ ਸੀਮਤ ਕਰ ਦਿੱਤਾ ਗਿਆ ਹੈ ਅਤੇ ਨਾਲ ਦੀ ਨਾਲ ਬਿਨੈਕਾਰਾਂ ਦੇ ਨੈਤਿਕ ਚਰਿੱਤਰ ਦੀ ਵੀ ਘੋਖ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਆਂਢ-ਗੁਆਂਢ ਤੋਂ ਵੀ ਪੁੱਛਗਿਛ ਹੋ ਰਹੀ ਹੈ। ਇਸ ਨਵੇਂ ਬਦਲਾਅ ਕਾਰਨ ਬਹੁਤ ਸਾਰੇ ਲੋਕ ਸਿਟੀਜ਼ਨਸ਼ਿਪ ਲੈਣ ਤੋਂ ਅਸਮਰੱਥ ਹੋ ਰਹੇ ਹਨ।