ਬਰੈਂਪਟਨ, 13 ਜਨਵਰੀ (ਪੰਜਾਬ ਮੇਲ)- ਓਨਟਾਰੀਓ ਦੀ ਪੀਲ ਪੁਲਿਸ ਦੇ ਆਟੋ ਚੋਰੀਆਂ ਦੀ ਜਾਂਚ ਕਰਨ ਵਾਲੀ ਟੀਮ ਨੇ ਬਰੈਂਪਟਨ ਦੇ ਇੱਕ ਘਰ ‘ਤੇ ਛਾਪਾ ਮਾਰ ਕੇ ਉਥੋਂ ਤਿੰਨ ਚੋਰੀ ਕੀਤੇ ਟਰੱਕ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਜਾਅਲੀ ਨੰਬਰਾਂ ਪਲੇਟਾਂ ਲਾਈਆਂ ਹੋਈਆਂ ਸਨ। ਪੁਲੀਸ ਨੇ ਉਸ ਘਰ ਵਿਚ ਔਰਤ ਸਮੇਤ ਰਹਿੰਦੇ ਤਿੰਨ ਲੋਕਾਂ ਨੂੰ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਖਟੜਾ (28), ਗੁਰਤਾਸ ਭੁੱਲਰ (33) ਤੇ ਮਨਦੀਪ ਕੌਰ (32) ਵਜੋਂ ਕੀਤੀ ਗਈ ਹੈ।
ਪੁਲਿਸ ਇਨ੍ਹਾਂ ਵਿਚੋਂ ਦੋ ਜਣਿਆਂ ਨੂੰ ਅਗਲੇ ਦਿਨਾਂ ਵਿਚ ਅਦਾਲਤ ਵਿਚ ਪੇਸ਼ ਕਰੇਗੀ, ਪਰ ਔਰਤ ਨੂੰ ਪੁੱਛਗਿੱਛ ਤੋਂ ਬਾਅਦ ਕੁਝ ਸ਼ਰਤਾਂ ਤਹਿਤ ਜ਼ਮਾਨਤ ‘ਤੇ ਘਰ ਭੇਜ ਦਿੱਤਾ ਗਿਆ ਹੈ।
ਬਰੈਂਪਟਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਹੋਵੇ, ਤਾਂ ਉਹ ਪੁਲਿਸ ਜਾਂ ਕ੍ਰਾਈਮ ਸਟੌਪਰ ਨੂੰ ਫੋਨ ਕਰਕੇ ਦੱਸ ਸਕਦਾ ਹੈ। ਕਾਰਾਂ ਦੀ ਚੋਰੀ ਕੈਨੇਡਾ ਵਿਚ ਇੱਕ ਬਹੁਤ ਵੱਡਾ ਮਸਲਾ ਹੈ। ਸਰਕਾਰਾਂ ਦੁਆਰਾ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਇਹ ਰੁੱਕ ਨਹੀਂ ਰਹੀ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਆਟੋ ਚੋਰੀਆਂ ਨੂੰ ਨੱਥ ਪਾਉਣ ਲਈ ਗਠਿਤ ਟੀਮ ਵਲੋਂ ਵਾਹਨ ਚੋਰਾਂ ਖਿਲਾਫ਼ ਵਿੱਢੀ ਮੁਹਿੰਮ ਦੇ ਚੰਗੇ ਨਤੀਜੇ ਆ ਰਹੇ ਹਨ, ਜਿਸ ਕਰਕੇ ਪਿਛਲੇ ਸਾਲ ਵਾਹਨ ਚੋਰੀਆਂ ਦਾ ਅੰਕੜਾ ਪਹਿਲੇ ਸਾਲਾਂ ਦੇ ਮੁਕਾਬਲੇ ਕਾਫੀ ਹੇਠਾਂ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਫੜਿਆ ਗਿਆ ਗਰੋਹ ਕੁਝ ਦਿਨਾਂ ਤੋਂ ਪੁਲਿਸ ਦੀ ਨਜ਼ਰ ਹੇਠ ਸੀ। ਇਹ ਲੋਕ ਮਹਿੰਗੇ ਵਾਹਨ ਚੋਰੀ ਕਰਕੇ ਉਨ੍ਹਾਂ ‘ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਲੋਕਾਂ ਨੂੰ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ‘ਤੇ ਚੋਰੀਆਂ ਨਾਲ ਸਬੰਧਤ ਵੱਖ-ਵੱਖ ਜੁਰਮ ਆਇਦ ਕੀਤੇ ਗਏ ਹਨ।
ਬਰੈਂਪਟਨ ‘ਚ ਕਾਰ ਚੋਰੀ ਕਰਨ ਦੇ ਦੋਸ਼ ਹੇਠ 3 ਗ੍ਰਿਫਤਾਰ
