#INDIA

ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨੇ ਟੈਰਿਫ ਨੂੰ ਲੈ ਕੇ ਕੀਤੀ ਸੀ ਮਿੰਨਤ; ਟਰੰਪ ਵੱਲੋਂ ਦਾਅਵਾ

ਨਵੀਂ ਦਿੱਲੀ, 8 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੈਰਿਫ (ਟੈਕਸ) ਲਗਾਉਣ ਦੀ ਧਮਕੀ ਅੱਗੇ ਫਰਾਂਸ ਨੇ ਗੋਡੇ ਟੇਕ ਦਿੱਤੇ ਹਨ ਅਤੇ ਮੈਕਰੌਂ ਨੇ ਉਨ੍ਹਾਂ ਤੋਂ ਮਾਫ਼ੀ ਵੀ ਮੰਗੀ ਹੈ।
ਡੋਨਾਲਡ ਟਰੰਪ ਨੇ ਆਪਣੀ ‘ਰਿਪਬਲਿਕਨ ਪਾਰਟੀ’ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਫਰਾਂਸ ਨੂੰ ਅਮਰੀਕਾ ਵਿਚ ਆਉਣ ਵਾਲੀਆਂ ਸਾਰੀਆਂ ਫਰਾਂਸੀਸੀ ਦਵਾਈਆਂ ‘ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਖਪਤਕਾਰਾਂ ਨੂੰ ਫਰਾਂਸੀਸੀ ਦਵਾਈਆਂ ਲਈ ਫਰਾਂਸ ਦੇ ਮੁਕਾਬਲੇ 14 ਗੁਣਾ ਵੱਧ ਕੀਮਤ ਚੁਕਾਉਣੀ ਪੈ ਰਹੀ ਸੀ।
ਟਰੰਪ ਮੁਤਾਬਕ, ਜਦੋਂ ਉਨ੍ਹਾਂ ਨੇ ਮੈਕਰੌਂ ਨੂੰ ਦਵਾਈਆਂ ਦੀਆਂ ਕੀਮਤਾਂ ਵਧਾਉਣ ਲਈ ਕਿਹਾ ਤਾਂ ਪਹਿਲਾਂ ਮੈਕਰੌਂ ਨੇ ਮਨ੍ਹਾ ਕਰ ਦਿੱਤਾ ਪਰ ਜਦੋਂ ਟਰੰਪ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਮੰਗ ਨਾ ਮੰਨੀ ਗਈ, ਤਾਂ ਫਰਾਂਸ ਦੀ ਸ਼ੈਂਪੇਨ ਅਤੇ ਵਾਈਨ ਸਮੇਤ ਸਾਰੇ ਉਤਪਾਦਾਂ ‘ਤੇ 25 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ ਜਾਵੇਗਾ ਤਾਂ ਮੈਕਰੌਂ ਘਬਰਾ ਗਏ।
ਟਰੰਪ ਨੇ ਦਾਅਵਾ ਕੀਤਾ ਕਿ ਮੈਕਰੌਂ ਨੇ ਉਨ੍ਹਾਂ ਨੂੰ ਕਿਹਾ, ”ਡੋਨਾਲਡ, ਮੈਨੂੰ ਤੁਹਾਡੀ ਡੀਲ ਮਨਜ਼ੂਰ ਹੈ। ਮੈਂ ਆਪਣੀਆਂ ਦਵਾਈਆਂ ਦੀਆਂ ਕੀਮਤਾਂ 200 ਫੀਸਦੀ ਜਾਂ ਉਸ ਤੋਂ ਵੀ ਵੱਧ ਵਧਾਉਣ ਲਈ ਤਿਆਰ ਹਾਂ। ਤੁਸੀਂ ਜਿਵੇਂ ਚਾਹੋ ਕਰ ਸਕਦੇ ਹੋ ਪਰ ਮੈਂ ਬੇਨਤੀ ਕਰਦਾ ਹਾਂ ਕਿ ਇਸ ਬਾਰੇ ਜਨਤਾ ਨੂੰ ਕੁਝ ਨਾ ਦੱਸਿਓ।”
ਟਰੰਪ ਦੇ ਇਸ ਹੈਰਾਨੀਜਨਕ ਦਾਅਵੇ ਤੋਂ ਬਾਅਦ ਅਜੇ ਤੱਕ ਫਰਾਂਸ ਸਰਕਾਰ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ। ਟਰੰਪ ਅਸਲ ਵਿਚ ਆਪਣੀ ‘ਮੋਸਟ ਫੇਵਰਡ ਨੇਸ਼ਨ’ ਨੀਤੀ ਨੂੰ ਅੱਗੇ ਵਧਾ ਰਹੇ ਹਨ, ਜਿਸ ਦਾ ਮਕਸਦ ਅਮਰੀਕਾ ਵਿਚ ਦਵਾਈਆਂ ਦੀਆਂ ਕੀਮਤਾਂ ਨੂੰ ਘਟਾਉਣਾ ਹੈ।