ਸੈਕਰਾਮੈਂਟੋ, 2 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਈਓ ਰਾਜ ਵਿਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਜੰਗਲੀ ਖੇਤਰ ਵਿਚ ਡਿੱਗ ਪੈਣ ਦੀ ਖਬਰ ਹੈ, ਜਿਸ ਵਿਚ ਸਵਾਰ ਪਾਇਲਟ ਤੇ ਸਹਿ ਪਾਇਲਟ ਸਣੇ ਸਾਰੇ 6 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਇੰਜਣਾਂ ਵਾਲਾ ਜਹਾਜ਼ ਹੌਲੈਂਡ ਟਾਊਨਸ਼ਿੱਪ ਵਿਚ ਸਥਿਤ ਯੰਗਸਟਾਊਨ ਵਾਰੇਨ ਖੇਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਜ਼ਮੀਨ ਉਪਰ ਡਿੱਗ ਕੇ ਬੁਰੀ ਤਰ੍ਹਾਂ ਤਬਾਹ ਹੋ ਗਿਆ। ਪੱਛਮੀ ਰਿਜ਼ਰਵ ਪੋਰਟ ਅਥਾਰਿਟੀ ਦੇ ਡਾਇਰੈਕਟਰ ਐਨਟਨੀ ਟਰੀਵੇਨਾ ਨੇ ਕਿਹਾ ਹੈ ਕਿ ਜਹਾਜ਼ ‘ਚ ਸਵਾਰ ਕੋਈ ਵੀ ਵਿਅਕਤੀ ਜ਼ਿੰਦਾ ਨਹੀਂ ਬਚਿਆ ਹੈ। ਪਾਇਲਟ ਤੇ ਸਹਿ ਪਾਇਲਟ ਜੋਸਫ ਮੈਕਸਿਨ (63) ਤੇ ਟਿਮੌਥੀ ਬਲੇਕ (55) ਵੀ ਹੋਰ ਯਾਤਰੀਆਂ ਨਾਲ ਮਾਰੇ ਗਏ ਹਨ। ਬਾਕੀ 4 ਮ੍ਰਿਤਕਾਂ ‘ਚ ਜੇਮਜ਼ ਵੇਲਰ (67), ਉਸ ਦੀ ਪਤਨੀ ਵੇਰੋਨਿਕਾ ਵੇਲਰ (68), ਉਨ੍ਹਾਂ ਦਾ ਪੁੱਤਰ ਜੌਹਨ ਵੇਲਰ (26) ਤੇ ਉਸ ਦੀ ਪਤਨੀ ਮਾਰੀਆ ਵੇਲਰ ਸ਼ਾਮਲ ਹਨ। ਪਰਿਵਾਰ ਛੁੱਟੀਆਂ ਮਨਾਉਣ ਲਈ ਮੋਨਟਾਨਾ ਜਾ ਰਿਹਾ ਸੀ ਪਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਓਹਾਈਓ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ; ਪਰਿਵਾਰ ਦੇ 4 ਜੀਆਂ ਸਮੇਤ 6 ਮੌਤਾਂ
