#CANADA

ਬਰੈਂਪਟਨ ‘ਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਕੈਨੇਡੀਅਨ ਬੱਚਿਆਂ ਦੀ ਕਬੱਡੀ ‘ਚ ਡੂੰਘੀ ਦਿਲਚਸਪੀ
ਟੋਰਾਂਟੋ, 13 ਜੂਨ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਬੀਤੇ ਦਿਨੀਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਬਰੈਂਪਟਨ ਦੇ ਵਾਰਡ 10 ਵਿਚ 6 ਸੈਕੰਡਰੀ ਸਕੂਲਾਂ ਦੀਆਂ 8 ਟੀਮਾਂ ਦੇ ਮੁਕਾਬਲੇ ਹੋਏ, ਜਿਸ ਬਾਰੇ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਤੇ ਵਾਰਡ 9-10 ਦੇ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਪੀਲ ਸਕੂਲ ਬੋਰਡ ਵੱਲੋਂ ਕਬੱਡੀ ਟੂਰਨਾਮੈਂਟ (ਪੀਲ ਰਿਜਨਲ ਕਬੱਡੀ ਮੇਲਾ) ਕਰਵਾਇਆ ਗਿਆ ਅਤੇ ਟੀਮਾਂ ਦੇ ਮੈਚ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਕੁ ਵਜੇ ਤੱਕ ਚਲਦੇ ਰਹੇ।
ਇਸ ਮੌਕੇ ਬਰੈਂਪਟਨ ਦੇ ਵਾਰਡ 10 ਵਿਖੇ ਸੰਦਲਵੁੱਡ ਹਾਈਟਸ ਸੈਕੰਡਰੀ ਸਕੂਲ ਦੀਆਂ ਗਰਾਊਂਡਾਂ ਵਿਚ ਦਿਨ ਭਰ ਮੇਲੇ ਵਰਗਾ ਮਾਹੌਲ ਰਿਹਾ, ਜਿੱਥੇ ਦਿਲਚਸਪ ਗੱਲ ਇਹ ਰਹੀ ਕਿ ਗਰਾਊਂਡ ਵਿਚ ਟੀਮਾਂ ਦੀ ਆਮਦ ਪ੍ਰੰਪਰਾਗਤ ਢੋਲ ਦੇ ਡਗੇ ਨਾਲ ਕਰਵਾਈ ਗਈ। ਬੋਰਡ ਦੇ ਐਸੋਸੀਏਟ ਡਾਇਰੈਕਟਰ ਹਰਜੀਤ ਔਜਲਾ, ਪ੍ਰਿੰਸੀਪਲ ਅਮਿਤ ਮੈਹਰੋਤਰਾ ਤੇ ਮੁੱਖ ਕੋਚ ਰੌਬ ਰਾਏ ਦੀ ਦੇਖ-ਰੇਖ ਹੇਠ ਹੋਏ ਇਸ ਟੂਰਨਾਮੈਂਟ ਦੀ ਬਕਾਇਦਾ ਸ਼ੁਰੂਆਤ ਬੋਰਡ ਦੇ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਤੇ ਐਜੂਕੇਸ਼ਨ ਡਾਇਰੈਕਟਰ ਰਸ਼ਮੀ ਸਵਰੂਪ ਨੇ ਕਰਵਾਈ।
ਕੈਸਲਬਰੁੱਕ, ਸੰਦਲਵੁੱਡ, ਡੇਵਿਡ ਸਜ਼ੂਕੀ, ਲੁਈਸ ਆਰਬਰ, ਹੰਬਰਵਿਊ ਅਤੇ ਬਰੈਂਪਟਨ ਸੈਂਟੇਨੀਅਲ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਵਿਚ ਦਿਲਚਸਪ ਫਸਵੇਂ ਮੁਕਾਬਲੇ ਹੋਏ, ਜਿਨ੍ਹਾਂ ਵਿਚ ਦਰਸ਼ਕਾਂ ਦੀ ਅੰਤ ਤੱਕ ਉਤਸੁਕਤਾ ਬਣੀ ਰਹੀ। ਕੈਸਲਬਰੁੱਕ ਤੇ ਬਰੈਂਪਟਨ ਸੈਂਟੇਨੀਅਲ ਸੈਕੰਡਰੀ ਸਕੂਲਾਂ ਦੀਆਂ ਦੋ-ਦੋ ਕਬੱਡੀ ਟੀਮਾਂ ਨੇ ਟੂਰਨਾਮੈਂਟ ਵਿਚ ਹਿੱਸਾ ਲਿਆ। ਕੈਨੇਡੀਅਨ ਜੰਮਪਲ ਬੱਚਿਆਂ ਦੀਆਂ ਕਬੱਡੀ ਟੀਮਾਂ ‘ਚ ਭਾਵੇਂ ਬਹੁਗਿਣਤੀ ਪੰਜਾਬੀ ਮੂਲ ਦੇ ਖਿਡਾਰੀ ਸਨ ਪਰ ਚੀਨੀ, ਗੋਰੇ ਤੇ ਸ਼ਾਹ ਭਾਈਚਾਰੇ ਦੇ ਬੱਚਿਆਂ ਦੀ ਵੀ ਇਸ ਖੇਡ ਵਿਚ ਡੂੰਘੀ ਦਿਲਚਸਪੀ ਵੇਖੀ ਗਈ। ਇਸ ਦੌਰਾਨ ਫਾਈਨਲ ਮੁਕਾਬਲਾ ਡੇਵਿਡ ਸਜ਼ੂਕੀ ਤੇ ਕੈਸਲਬਰੁੱਕ ਦੀਆਂ ਟੀਮਾਂ ਵਿਚ ਹੋਇਆ ਤੇ ਦਿਲਚਸਪ ਖੇਡ ਤੋਂ ਬਾਅਦ ਡੇਵਿਡ ਸਜ਼ੂਕੀ ਸੈਕੰਡਰੀ ਸਕੂਲ ਦੀ ਟੀਮ ਨੇ ਮੈਚ ਜਿੱਤ ਕੇ ‘ਪੀਲ ਰਿਜਨਲ ਕਬੱਡੀ ਕੱਪ’ ‘ਤੇ ਕਬਜ਼ਾ ਕੀਤਾ।