ਨਵੀਂ ਦਿੱਲੀ, 6 ਜੂਨ (ਪੰਜਾਬ ਮੇਲ)- ਮਾਰਕੀਟ ਰੈਗੂਲੇਟਰ ਸੇਬੀ ਨੇ ਗੀਤਾਂਜਲੀ ਜੇਮਜ਼ ਦੇ ਸ਼ੇਅਰਾਂ ਵਿਚ ਅੰਦਰੂਨੀ ਵਪਾਰ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਬੈਂਕ ਖਾਤਿਆਂ, ਸ਼ੇਅਰਾਂ ਅਤੇ ਮਿਊਚੁਅਲ ਫੰਡ ਹੋਲਡਿੰਗਜ਼ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਇਹ ਤਾਜ਼ਾ ਕਦਮ 15 ਮਈ ਨੂੰ ਚੋਕਸੀ ਨੂੰ ਜਾਰੀ ਕੀਤੇ ਗਏ ਇੱਕ ਡਿਮਾਂਡ ਨੋਟਿਸ ਤੋਂ ਬਾਅਦ ਆਇਆ ਹੈ। ਨੋਟਿਸ ਵਿਚ 15 ਦਿਨਾਂ ਦੇ ਅੰਦਰ ਭੁਗਤਾਨ ਕਰਨ ‘ਚ ਅਸਫਲ ਰਹਿਣ ‘ਤੇ ਜਾਇਦਾਦਾਂ ਦੇ ਨਾਲ-ਨਾਲ ਬੈਂਕ ਖਾਤਿਆਂ ਨੂੰ ਵੀ ਜ਼ਬਤ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ।
ਚੋਕਸੀ, ਜੋ ਕਿ ਗੀਤਾਂਜਲੀ ਜੇਮਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਨਾਲ-ਨਾਲ ਪ੍ਰਮੋਟਰ ਸਮੂਹ ਦਾ ਹਿੱਸਾ ਸੀ, ਨੀਰਵ ਮੋਦੀ ਦਾ ਮਾਮਾ ਹੈ। ਦੋਵਾਂ ‘ਤੇ ਸਰਕਾਰੀ ਮਾਲਕੀ ਵਾਲੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨਾਲ 14,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ ਹਨ। 2018 ਦੇ ਸ਼ੁਰੂ ਵਿਚ ਪੀ.ਐੱਨ.ਬੀ. ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਚੋਕਸੀ ਅਤੇ ਮੋਦੀ ਦੋਵੇਂ ਭਾਰਤ ਤੋਂ ਭੱਜ ਗਏ ਸਨ।
ਸੇਬੀ ਵੱਲੋਂ ਮੇਹੁਲ ਚੋਕਸੀ ਦੇ ਖਾਤੇ ਕੁਰਕ ਕਰਨ ਦਾ ਹੁਕਮ
