ਚੰਡੀਗੜ੍ਹ, 22 ਮਈ (ਪੰਜਾਬ ਮੇਲ)- ਪੰਜਾਬ ਦੇ ਮੌਸਮ ਵਿਚ ਲਗਾਤਾਰ ਤਬਦੀਲੀਆਂ ਆ ਰਹੀਆਂ ਹਨ। ਬੀਤੇ ਦਿਨੀਂ ਸਾਰਾ ਦਿਨ ਲੋਕ ਧੁੱਪ ਅਤੇ ਲੂ ਕਾਰਨ ਪਸੀਨੋ-ਪਸੀਨੀਂ ਹੁੰਦੇ ਰਹੇ, ਉਸ ਮਗਰੋਂ ਸ਼ਾਮ ਵੇਲੇ ਮੌਸਮ ਨੇ ਇਕਦਮ ਕਰਵਟ ਬਦਲੀ ਤੇ ਮੀਂਹ-ਹਨੇਰੀ ਨੇ ਗਰਮੀ ਤੋਂ ਰਾਹਤ ਦਿਵਾਈ। ਕਈ ਥਾਵਾਂ ‘ਤੇ ਤਾਂ ਗੜੇਮਾਰੀ ਵੀ ਹੋਈ। ਪਰ ਅੱਜ ਵਿਭਾਗ ਨੇ ਇਕ ਵਾਰ ਫ਼ਿਰ ਲੂ ਦਾ ਅਲਰਟ ਜਾਰੀ ਕਰ ਦਿੱਤਾ ਹੈ। ਹੋਰ ਤਾਂ ਹੋਰ ਹੁਣ ਰਾਤ ਵੇਲੇ ਵੀ ਲੋਕਾਂ ਨੂੰ ਗਰਮੀ ਸਤਾਉਂਦੀ ਰਹੇਗੀ। ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਲਈ Warm Night Alert ਜਾਰੀ ਕੀਤਾ ਹੈ। ਬਠਿੰਡਾ ਵਿਚ ਤਾਪਮਾਨ 47.5 ਡਿਗਰੀ ਤਕ ਪਹੁੰਚ ਚੁੱਕਿਆ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ, Warm Night ਦੌਰਾਨ ਰਾਤ ਨੂੰ ਵੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਰਹਿੰਦਾ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਵਿਚ ਵੀ ਮਹਿਜ਼ 4.5 ਤੋਂ 6.4 ਡਿਗਰੀ ਤਕ ਹੀ ਗਿਰਾਵਟ ਆਉਂਦੀ ਹੈ। ਇਸ ਦੌਰਾਨ ਸਰੀਰ ਨੂੰ ਗਰਮੀ ਦੇ ਆਮ ਦਿਨਾਂ ਵਾਂਗ ਰਾਤ ਨੂੰ ਠੰਡੇ ਹੋਣ ਦਾ ਮੌਕਾ ਘੱਟ ਮਿਲਦਾ ਹੈ, ਜਿਸ ਕਾਰਨ ਕਈ ਵਾਰ ਇਹ ਕਾਫ਼ੀ ਗੰਭੀਰ ਵੀ ਸਾਬਿਤ ਹੋ ਸਕਦੀ ਹੈ। ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਇਸ ਦੌਰਾਨ ਖ਼ਾਸ ਤੌਰ ‘ਤੇ ਅਹਿਤਿਆਤ ਰੱਖਣੀ ਚਾਹੀਦੀ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿਚ ਲੂ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿਚ Warm Night Alert ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿਚ Warm Night ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆ ਕੇਂਦਰ ਮੁਤਾਬਕ 24 ਮਈ ਤੋਂ ਸੂਬੇ ਦੇ ਮੌਸਮ ਵਿਚ ਇਕ ਵਾਰ ਫ਼ਿਰ ਤਬਦੀਲੀ ਆਵੇਗੀ। ਵਿਭਾਗ ਵੱਲੋਂ 24 ਤੋਂ 27 ਮਈ ਤਕ ਸੂਬੇ ਵਿਚ ਕਈ ਥਾਈਂ ਮੀਂਹ-ਹਨੇਰੀ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਤੋਂ ਬਾਅਦ ਤਾਪਮਾਨ ਵਿਚ ਹਲਕੀ ਗਿਰਾਵਟ ਵੀ ਦਰਜ ਕੀਤੇ ਜਾਣ ਦੀ ਵੀ ਸੰਭਾਵਨਾ ਹੈ। 25 ਮਈ ਨੂੰ ਤਾਂ ਪੰਜਾਬ ਭਰ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੰਜਾਬ ‘ਚ ਲੂ ਦੇ ਨਾਲ-ਨਾਲ Warm Nights ਦਾ Alert
