ਟੋਕੀਓ, 3 ਅਕਤੂਬਰ (ਪੰਜਾਬ ਮੇਲ)- ਜਾਪਾਨ ਦੇ ਇਕ ਹਵਾਈ ਅੱਡੇ ਵਿਚ ਦੱਬਿਆ ਹੋਇਆ ਦੂਜੀ ਵਿਸ਼ਵ ਜੰਗ ਦੇ ਸਮੇਂ ਦਾ ਇਕ ਅਮਰੀਕੀ ਬੰਬ ਬੁੱਧਵਾਰ ਅਚਾਨਕ ਫਟ ਗਿਆ। ਇਸ ਨਾਲ ਟੈਕਸੀਵੇਅ ਵਿਚ ਵੱਡਾ ਟੋਆ ਬਣ ਗਿਆ ਅਤੇ 80 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਹਾਲਾਂਕਿ, ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਜ਼ਮੀਨ ਤੇ ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੱਛਮੀ ਜਪਾਨ ਦੇ ਮੀਆਜ਼ਾਕੀ ਹਵਾਈ ਅੱਡੇ ‘ਤੇ ਜਦੋਂ ਬੰਬ ਧਮਾਕਾ ਹੋਇਆ, ਤਾਂ ਉੱਥੇ ਕੋਈ ਜਹਾਜ਼ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਆਤਮ ਰੱਖਿਆ ਬਲਾਂ ਅਤੇ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਧਮਾਕਾ 500 ਪੌਂਡ ਦੇ ਅਮਰੀਕੀ ਬੰਬ ਕਾਰਨ ਹੋਇਆ ਸੀ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਉਹ ਇਹ ਪਤਾ ਲਗਾ ਰਹੇ ਹਨ ਕਿ ਅਚਾਨਕ ਧਮਾਕਾ ਕਿਸ ਵਜ੍ਹਾ ਤੋਂ ਹੋਇਆ। ਨੇੜਲੇ ਇਕ ਏਵੀਏਸ਼ਨ ਸਕੂਲ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ‘ਚ ਧਮਾਕੇ ਕਾਰਨ ਅਸਫਾਲਟ ਦੇ ਟੁੱਕੜੇ ਹਵਾ ਵਿਚ ਫੁਹਾਰੇ ਵਾਂਗ ਉਛਲਦੇ ਹੋਏ ਦਿਖੇ। ਜਾਪਾਨੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਵੀਡੀਓ ਵਿਚ ਟੈਕਸੀਵੇਅ ‘ਚ ਇਕ ਡੂੰਘਾ ਟੋਆ ਦੇਖਿਆ ਗਿਆ।
ਮੁੱਖ ਕੈਬਨਿਟ ਸਕੱਤਰ ਯੋਸ਼ਿਮਾਸਾ ਹਿਆਸ਼ੀ ਨੇ ਕਿਹਾ ਕਿ ਹਵਾਈ ਅੱਡੇ ‘ਤੇ 80 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਆਸ ਹੈ ਕਿ ਵੀਰਵਾਰ ਸਵੇਰ ਤੱਕ ਉਡਾਣਾਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿਚ ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕੀ ਫੌਜ ਵੱਲੋਂ ਡੇਗੇ ਗਏ ਕਈ ਬੰਬ ਬਰਾਮਦ ਹੋਏ ਹਨ, ਜੋ ਕਿ ਫਟੇ ਨਹੀਂ ਹਨ।