-ਵੱਡੀ ਪੱਧਰ ‘ਤੇ ਮਕਾਨਾਂ ਤੇ ਹੋਰ ਇਮਾਰਤਾਂ ਨੂੰ ਪੁੱਜਾ ਨੁਕਸਾਨ
– ਕਈ ਜਗ੍ਹਾ ਹੜ੍ਹ ਵਰਗੇ ਹਾਲਾਤ
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕਈ ਰਾਜਾਂ ਵਿਚ ਆਏ ਜ਼ਬਰਦਸਤ ਤੂਫਾਨ ਕਾਰਨ 39 ਲੋਕਾਂ ਦੇ ਮਾਰੇ ਜਾਣ ਤੇ ਅਨੇਕਾਂ ਮਕਾਨਾਂ ਤੇ ਹੋਰ ਇਮਾਰਤਾਂ ਨੂੰ ਵੱਡੀ ਪੱਧਰ ਉਪਰ ਨੁਕਸਾਨ ਪੁੱਜਣ ਦੀਆਂ ਰਿਪੋਰਟਾਂ ਹਨ। ਕਈ ਜਗ੍ਹਾ ਹੜ੍ਹ ਵਰਗੇ ਹਾਲਾਤ ਹਨ। ਹੈਲਨ ਤੂਫਾਨ ਨੇ ਸਮੁੱਚੇ ਦੱਖਣ ਪੂਰਬੀ ਰਾਜਾਂ ਨੂੰ ਆਪਣੀ ਲਪੇਟ ‘ਚ ਲਿਆ ਤੇ ਜਿਥੋਂ-ਜਿਥੋਂ ਵੀ 140 ਮੀਲ ਦੀ ਰਫਤਾਰ ਨਾਲ ਹਵਾਵਾਂ ਲੰਘੀਆਂ ਉਥੇ-ਉਥੇ ਭਾਰੀ ਤਬਾਹੀ ਹੋਈ ਹੈ। ਤੂਫਾਨ ਦੀ ਸ਼ੁਰੂਆਤ ਪੈਰੀ, ਫਲੋਰਿਡਾ ਨੇੜੇ ਸ਼ੁੱਕਰਵਾਰ ਨੂੰ 11.10 ਵਜੇ ਰਾਤ ਨੂੰ ਹੋਈ।
ਤੂਫਾਨ ਕਾਰਨ ਸਮੁੰਦਰ ‘ਚ ਖੜ੍ਹੀਆਂ ਕਿਸ਼ਤੀਆਂ ਉਲਟ ਗਈਆਂ, ਘਰ ਤਬਾਹ ਹੋ ਗਏ ਤੇ ਨੀਵੇਂ ਇਲਾਕਿਆਂ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ। ਤੱਟੀ ਕਸਬੇ ਸਟੀਨਹੈਚੀ ਵਿਚ 9.63 ਫੁੱਟ ਉੱਚੀਆਂ ਉੱਠੀਆਂ ਪਾਣੀ ਦੀਆਂ ਲਹਿਰਾਂ ਨੇ ਕਸਬਾ ਵਾਸੀਆਂ ਦੀ ਜਾਨ ਖਤਰੇ ‘ਚ ਪਾ ਦਿੱਤੀ ਤੇ ਉਥੇ ਭਾਰੀ ਨੁਕਸਾਨ ਹੋਇਆ। ਜਗ੍ਹਾ-ਜਗ੍ਹਾ ਦਰੱਖਤ ਡਿੱਗੇ ਹੋਏ ਹਨ ਤੇ ਮਲਬਾ ਖਿਲਰਿਆ ਪਿਆ ਹੈ। ਕਈ ਘੰਟਿਆਂ ਤੱਕ ਤੂਫਾਨ ਦੀ ਰਫਤਾਰ ਬਹੁਤ ਮਜ਼ਬੂਤ ਰਹੀ ਤੇ ਇਸ ਨੇ ਉੱਤਰੀ ਫਲੋਰਿਡਾ, ਜਾਰਜੀਆ ਕੈਂਟੁਕੀ ਵਿਚ ਤਬਾਹੀ ਮਚਾਈ। ਕੈਰੋਲੀਨਾਸ ਤੇ ਐਂਟਲਾਂਟਾ ਖੇਤਰ ‘ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਉੱਚੀਆਂ ਥਾਵਾਂ ‘ਤੇ ਪਨਾਹ ਲੈਣ। ਇਸ ਖੇਤਰ ‘ਚ 10 ਇੰਚ ਤੱਕ ਬਾਰਿਸ਼ ਹੋਈ ਹੈ। ਫਲੋਰਿਡਾ ਤੋਂ ਲੈ ਕੇ ਵਿਰਜੀਨੀਆ ਤੱਕ ਬਿਜਲੀ ਠੱਪ ਹੋ ਗਈ ਹੈ ਤੇ ਲੱਖਾਂ ਲੋਕ ਬਿਜਲੀ ਬਿਨਾਂ ਰਹਿਣ ਲਈ ਮਜਬੂਰ ਹਨ। ਇਕ ਅੰਦਾਜ਼ੇ ਅਨੁਸਾਰ 45 ਲੱਖ ਤੋਂ ਵਧ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ। ਬਿਜਲੀ ਸੇਵਾ ਬਹਾਲ ਕਰਨ ਲਈ ਕਈ ਦਿਨ ਲੱਗ ਸਕਦੇ ਹਨ।