ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਵਿੱਤੀ ਲੈਣ-ਦੇਣ ਦੇ ਵੇਰਵੇ ਮੰਗੇ
ਮਜੀਠੀਆ ਪਰਿਵਾਰ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ
ਚੰਡੀਗੜ੍ਹ, 12 ਸਤੰਬਰ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸ਼ਿਕੰਜਾ ਕੱਸ ਸਕਦੀ ਹੈ, ਜਿਸ ਨਾਲ ਮਜੀਠੀਆ ਪਰਿਵਾਰ ਦੀਆਂ ਮੁਸ਼ਕਲਾਂ ਮੁੜ ਵਧਣ ਦੇ ਆਸਾਰ ਹਨ। ਈ.ਡੀ. ਨੇ ਹੁਣ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮਜੀਠੀਆ ਪਰਿਵਾਰ ਦੀਆਂ 2006-07 ਤੋਂ ਲੈ ਕੇ 2018-19 ਤੱਕ ਦੇ ਵਿੱਤੀ ਲੈਣ-ਦੇਣ ਦਾ ਵੇਰਵਾ ਮੰਗਿਆ ਹੈ। ਆਈ.ਪੀ.ਐੱਸ. ਅਧਿਕਾਰੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਪਹਿਲਾਂ ਹੀ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
ਈ.ਡੀ. ਦੀ ਤਾਜ਼ਾ ਹਿਲ-ਜੁਲ ਤੋਂ ਨਵੇਂ ਸੰਕੇਤ ਮਿਲ ਰਹੇ ਹਨ ਅਤੇ ਪਿਛਲੇ ਸਮੇਂ ਦੌਰਾਨ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੀ ਅੰਦਰੂਨੀ ਭੰਨ-ਤੋੜ ਨੂੰ ਲੈ ਕੇ ਇਕ ਤਰੀਕੇ ਨਾਲ ਚੁੱਪ ਹੀ ਰਹੇ ਹਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਇਕ ਦੋ ਦਿਨਾਂ ਵਿਚ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿਚ ਆਏ ਵੇਰਵੇ ਈ.ਡੀ. ਨਾਲ ਸਾਂਝੇ ਕਰ ਸਕਦੀ ਹੈ।
ਵਿਸ਼ੇਸ਼ ਜਾਂਚ ਟੀਮ ਨੇ ਮਜੀਠੀਆ ਪਰਿਵਾਰ ਦੀਆਂ ਕੰਪਨੀਆਂ ਦੇ ਵਿੱਤੀ ਲੈਣ ਦੇਣ ਦੀ ਇਕ ਵਿਸਥਾਰਿਤ ਸੂਚੀ ਤਿਆਰ ਕੀਤੀ ਹੈ। ਈ.ਡੀ. ਕਰੀਬ ਬੈਂਕ ਜ਼ਰੀਏ ਹੋਏ ਪਿਛਲੇ 13 ਸਾਲਾਂ ਦੇ ਲੈਣ-ਦੇਣ ਨੂੰ ਜਾਣਨ ਦੀ ਇੱਛੁਕ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ 13 ਸਾਲਾਂ ‘ਚੋਂ ਸਿਰਫ਼ ਦੋ ਸਾਲਾਂ ਦੌਰਾਨ ਹੀ ਕਥਿਤ ਸੌ-ਸੌ ਕਰੋੜ ਰੁਪਏ ਤੋਂ ਵੱਧ ਦਾ ਲੈਣ ਦੇਣ ਹੋਇਆ ਹੈ। ਈ.ਡੀ. ਨੇ ਉਪਰੋਕਤ ਅਰਸੇ ਦੌਰਾਨ ਨਕਦ ਰਾਸ਼ੀ, ਜੋ ਮਜੀਠੀਆ ਪਰਿਵਾਰ ਦੇ ਬੈਂਕ ਖਾਤਿਆਂ ‘ਚ ਕਥਿਤ ਤੌਰ ‘ਤੇ ਜਮ੍ਹਾ ਕਰਵਾਈ ਗਈ ਹੈ, ਬਾਰੇ ਵੀ ਜਾਣਨ ਦੀ ਇੱਛਾ ਜਤਾਈ ਹੈ। ਈ.ਡੀ. ਵੱਲੋਂ ਹਾਲ ਦੀ ਘੜੀ ਬੈਂਕ ਖਾਤਿਆਂ ਵਿਚ ਜਮ੍ਹਾ ਹੋਈ ਨਕਦ ਰਾਸ਼ੀ ‘ਤੇ ਹੀ ਫੋਕਸ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਜ਼ਰੀਏ ਹੋਏ ਕਥਿਤ ਲੈਣ-ਦੇਣ ਦੀ ਸੂਚੀ ਵੀ ਵਿਸ਼ੇਸ਼ ਜਾਂਚ ਟੀਮ ਨੇ ਤਿਆਰ ਕੀਤੀ ਹੈ। ਲੋਨ ਮੁਆਫ਼ੀ ਅਤੇ ਸ਼ੇਅਰ ਮੁੜ ਕਥਿਤ ਤੌਰ ‘ਤੇ ਮੁਫ਼ਤ ਖਰੀਦੇ ਜਾਣ ਦਾ ਵੇਰਵਾ ਵੀ ਸਾਹਮਣੇ ਆਇਆ ਹੈ।
ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਈ.ਡੀ. ਨੂੰ ਇਹ ਵੇਰਵੇ ਦੇਣ ਲਈ ਪੱਤਰ ਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਦਸੰਬਰ 2021 ਵਿਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਸ ਮਗਰੋਂ ਕੇਂਦਰੀ ਏਜੰਸੀ ਈ.ਡੀ. ਨੇ ਮਜੀਠੀਆ ਖ਼ਿਲਾਫ਼ ਦੁਬਾਰਾ ਜਾਂਚ ਸ਼ੁਰੂ ਕਰ ਦਿੱਤੀ ਸੀ।
‘ਮੈਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ’
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੇਸ ਈ.ਡੀ. ਹਵਾਲੇ ਕਰਨ ‘ਤੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜ ਸਿਟ ਬਣਾ ਕੇ ਵੀ ਚਲਾਨ ਨਹੀਂ ਪੇਸ਼ ਕੀਤਾ ਜਾ ਸਕਿਆ ਤਾਂ ਹੁਣ ਉਸ ਈ.ਡੀ. ਤੋਂ ਜਾਂਚ ਕਰਵਾਈ ਜਾ ਰਹੀ ਹੈ, ਜਿਸ ਨੂੰ ‘ਆਪ’ ਆਗੂ ਦਿਨ-ਰਾਤ ਗਾਲ੍ਹਾਂ ਕੱਢਦੇ ਆ ਰਹੇ ਹਨ। ਉਨ੍ਹਾਂ ਕਿਹਾ, ‘ਭਗਵੰਤ ਮਾਨ ਜੀ ਅੱਜ ਤੁਸੀਂ ਮੇਰੇ ਅੱਗੇ ਹਾਰ ਗਏ ਹੋ ਕਿਉਂਕਿ ਚਲਾਨ ਪੇਸ਼ ਕਰਨ ਦੀ ਬਜਾਏ ਕੇਸ ਈ.ਡੀ. ਨੂੰ ਸੌਂਪਣਾ ਇਸ ਦਾ ਪ੍ਰਤੱਖ ਪ੍ਰਮਾਣ ਹੈ।’
ਸੂਚਨਾ ਪੰਜਾਬ ਸਰਕਾਰ ਨੇ ਖ਼ੁਦ ਭੇਜੀ : ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਈ.ਡੀ. ਵੱਲੋਂ ਮੁੜ ਅਜਿਹੇ ਕਦਮ ਚੁੱਕਣ ਪਿੱਛੇ ਨਿਰੋਲ ਸਿਆਸੀ ਕਾਰਨ ਹਨ, ਜਦੋਂ ਕਿ ਈ.ਡੀ. ਪਹਿਲਾਂ ਹੀ ਪੂਰੀ ਜਾਂਚ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਤਹਿਤ ਇਹ ਕਾਰਵਾਈ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਭੱਜਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਆਪਸੀ ਵਿਉਂਤਬੰਦੀ ਤਹਿਤ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਈ.ਡੀ. ਨੇ ਪੰਜਾਬ ਸਰਕਾਰ ਤੋਂ ਸੂਚਨਾ ਨਹੀਂ ਮੰਗੀ, ਸਗੋਂ ਪੰਜਾਬ ਸਰਕਾਰ ਨੇ ਖੁਦ ਪੱਤਰ ਲਿਖ ਕੇ ਜਾਂਚ ਅੱਗੇ ਵਧਾਉਣ ਲਈ ਕਿਹਾ ਹੈ।