-ਹਜ਼ਾਰਾਂ ਲੋਕ ਬਿਨਾਂ ਬਿਜਲੀ ਰਹਿਣ ਲਈ ਮਜਬੂਰ
ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੈਕਸਾਸ ‘ਚ ਖਤਰਨਾਕ ਤੂਫਾਨ ‘ਚ 7 ਲੋਕਾਂ ਦੇ ਮਾਰੇ ਜਾਣ ਤੇ ਅਰਬ ਡਾਲਰਾਂ ਦਾ ਨੁਕਸਾਨ ਹੋਣ ਦੀਆਂ ਖਬਰਾਂ ਹਨ। 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਵੱਡੀ ਪੱਧਰ ‘ਤੇ ਨੁਕਸਾਨ ਕੀਤਾ ਹੈ। ਜਗ੍ਹਾ-ਜਗ੍ਹਾ ਦਰੱਖਤ ਡਿੱਗੇ ਪਏ ਹਨ ਤੇ ਬਿਜਲੀ ਦੀ ਸਪਲਾਈ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਈ ਹੈ। ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਤੂਫਾਨ ਤੋਂ ਬਾਅਦ ਹਿਊਸਟਨ ਖੇਤਰ ਵਿਚ ਤਪਸ਼ ਨੇ ਲੋਕਾਂ ਦਾ ਜੀਣਾ ਬੇਹਾਲ ਕਰ ਦਿੱਤਾ ਹੈ। ਉੱਚੀਆਂ ਇਮਰਾਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਹਨ ਅਤੇ ਮਕਾਨਾਂ ਦੀਆਂ ਕੰਧਾਂ ਤੇ ਛੱਤਾਂ ਨੂੰ ਨੁਕਸਾਨ ਪੁੱਜਾ ਹੈ। ਹਿਊਸਟਨ ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਹੈ ਕਿ ਟਰਾਂਸਮਿਸ਼ਨ ਲਾਈਨਾਂ ਨੂੰ ਪੁੱਜੇ ਨੁਕਸਾਨ ਕਾਰਨ ਬਿਜਲੀ ਬਹਾਲ ਕਰਨ ਵਿਚ ਕਈ ਦਿਨ ਜਾਂ ਹਫਤੇ ਲੱਗ ਸਕਦੇ ਹਨ। ਦਫਤਰ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਬਿਜਲੀ ਸੇਵਾ ਜਿੰਨੀ ਛੇਤੀ ਸੰਭਵ ਹੋ ਸਕਿਆ, ਬਹਾਲ ਕਰ ਦਿੱਤੀ ਜਾਵੇਗੀ। ਦਫਤਰ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਹੈ। ਐਕਿਊ ਵੈਦਰ ਦੇ ਮੁੱਢਲੇ ਅਨੁਮਾਨ ਅਨੁਸਾਰ ਟੈਕਸਾਸ ਤੂਫਾਨ ਕਾਰਨ ਇਕੱਲੇ ਹਿਊਸਟਨ ਮੈਟਰੋਪੋਲੀਟਨ ਖੇਤਰ ‘ਚ 5 ਅਰਬ ਡਾਲਰ ਤੋਂ ਵਧ ਦਾ ਆਰਥਿਕ ਨੁਕਸਾਨ ਹੋਇਆ ਹੈ। ਇਹ ਤੂਫਾਨ 2008 ਤੇ 1983 ਵਿਚ ਅਲੀਸੀਆ ਵਿਚ ਆਏ ਇਤਿਹਾਸਕ ਝਖੜ ਵਰਗਾ ਸੀ, ਜਿਨ੍ਹਾਂ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਸੀ। ਰਾਸ਼ਟਰਪਤੀ ਜੋਅ ਬਾਇਡਨ ਨੇ ਤੂਫਾਨ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਮੁਕੰਮਲ ਸਹਿਯੋਗ ਦਾ ਭਰੋਸਾ ਦਿੱਤਾ ਹੈ।