#INDIA

ਦਿੱਲੀ ਦੇ ਉਪ ਰਾਜਪਾਲ ਵੱਲੋਂ ਕੇਜਰੀਵਾਲ ਖ਼ਿਲਾਫ਼ N.I.A. ਜਾਂਚ ਦੀ ਸਿਫਾਰਸ਼

– ਦਵਿੰਦਰ ਪਾਲ ਭੁੱਲਰ ਦੀ ਰਿਹਾਈ ਲਈ ਸਿੱਖਜ਼ ਫਾਰ ਜਸਟਿਸ ਤੋਂ ਫੰਡ ਲੈਣ ਦਾ ਦੋਸ਼
– ਸ਼ਿਕਾਇਤਕਰਤਾ ਨੇ ਗੁਰਪਤਵੰਤ ਪੰਨੂ ਦੀ ਵੀਡੀਓ ਦਾ ਦਿੱਤਾ ਹਵਾਲਾ
– ‘ਆਪ’ ਨੇ ਦੋਸ਼ਾਂ ਨੂੰ ਕੇਜਰੀਵਾਲ ਖ਼ਿਲਾਫ਼ ਭਾਜਪਾ ਦੀ ਇੱਕ ਹੋਰ ਸਾਜ਼ਿਸ਼ ਦੱਸਿਆ
ਨਵੀਂ ਦਿੱਲੀ, 7 ਮਈ (ਪੰਜਾਬ ਮੇਲ)- ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ’ ਤੋਂ ਕਥਿਤ ਤੌਰ ‘ਤੇ ਫੰਡ ਹਾਸਲ ਕਰਨ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐੱਨ.ਆਈ.ਏ. ਜਾਂਚ ਦੀ ਸਿਫਾਰਸ਼ ਕੀਤੀ ਹੈ। ਰਾਜ ਨਿਵਾਸ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਇਹ ਸਿਫਾਰਸ਼ ਭਾਜਪਾ ਵੱਲੋਂ ਕੇਜਰੀਵਾਲ ਖ਼ਿਲਾਫ਼ ਇੱਕ ਹੋਰ ਸਾਜ਼ਿਸ਼ ਹੈ।
ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ‘ਚ ਉੱਪ ਰਾਜਪਾਲ ਸਕੱਤਰੇਤ ਨੇ ਕਿਹਾ ਕਿ ਸਕਸੈਨਾ ਨੂੰ ਸ਼ਿਕਾਇਤ ਮਿਲੀ ਸੀ ਕਿ ਕੇਜਰੀਵਾਲ ਦੀ ਅਗਵਾਈ ਹੇਠਲੀ ‘ਆਪ’ ਨੂੰ ਕਥਿਤ ਤੌਰ ‘ਤੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਲਈ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਤੋਂ 1.6 ਕਰੋੜ ਡਾਲਰ ਦੀ ਵਿੱਤੀ ਮਦਦ ਪ੍ਰਾਪਤ ਹੋਈ ਸੀ। ਸਕਸੈਨਾ ਨੇ ਕਿਹਾ, ‘ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਇਲੈਕਟ੍ਰੌਨਿਕਸ ਸਬੂਤਾਂ ਦੀ ਫੋਰੈਂਸਿਕ ਪੜਤਾਲ ਸਮੇਤ ਹੋਰ ਜਾਂਚ ਦੀ ਲੋੜ ਹੈ।’
ਪੱਤਰ ‘ਚ ਕਿਹਾ ਗਿਆ ਹੈ ਕਿ ਸ਼ਿਕਾਇਤ ਇੱਕ ਮੁੱਖ ਮੰਤਰੀ ਖ਼ਿਲਾਫ਼ ਕੀਤੀ ਗਈ ਹੈ ਅਤੇ ਇਹ ਇੱਕ ਪਾਬੰਦੀਸ਼ੁਦਾ ਜਥੇਬੰਦੀ ਤੋਂ ਪ੍ਰਾਪਤ ਸਿਆਸੀ ਫੰਡਾਂ ਨਾਲ ਸਬੰਧਤ ਹੈ। ਇਹ ਕਦਮ ਸੁਪਰੀਮ ਕੋਰਟ ਵੱਲੋਂ ਮੌਜੂਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ‘ਤੇ ਵਿਚਾਰ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਆਇਆ ਹੈ। ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ‘ਚ ਤਿਹਾੜ ਜੇਲ੍ਹ ਵਿਚ ਬੰਦ ਹਨ।
ਸੂਤਰਾਂ ਨੇ ਕਿਹਾ ਕਿ ਸ਼ਿਕਾਇਤ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਇੱਕ ਵੀਡੀਓ ਦੇ ਹਵਾਲੇ ਨਾਲ ਕੀਤੀ ਗਈ ਹੈ, ਜਿਸ ‘ਚ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਦੀ ਅਗਵਾਈ ਹੇਠਲੀ ‘ਆਪ’ ਨੂੰ 2014 ਤੇ 2022 ਵਿਚਾਲੇ ਖਾਲਿਸਤਾਨ ਸਮੂਹਾਂ ਤੋਂ 16 ਮਿਲੀਅਨ ਡਾਲਰ ਮਿਲੇ ਸਨ। ਸ਼ਿਕਾਇਤ ‘ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਨੇ 2014 ‘ਚ ਆਪਣੀ ਯਾਤਰਾ ਦੌਰਾਨ ਨਿਊਯਾਰਕ ਦੇ ਗੁਰਦੁਆਰਾ ਰਿਚਮੰਡ ਹਿੱਲਜ਼ ‘ਚ ਖਾਲਿਸਤਾਨੀ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਵੀ ਕੀਤੀਆਂ ਸਨ। ਕੇਜਰੀਵਾਲ ਨੇ ਕਥਿਤ ਤੌਰ ‘ਤੇ ਵਿੱਤੀ ਸਹਾਇਤਾ ਬਦਲੇ ਭੁੱਲਰ ਦੀ ਰਿਹਾਈ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਸੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਉੱਪ ਰਾਜਪਾਲ ਵੱਲੋਂ ਕੇਜਰੀਵਾਲ ਖਿਲਾਫ਼ ਐੱਨ.ਆਈ.ਏ. ਜਾਂਚ ਦੀ ਸਿਫਾਰਸ਼ ਭਾਜਪਾ ਦੇ ਇਸ਼ਾਰੇ ‘ਤੇ ਦਿੱਲੀ ਦੇ ਮੁੱਖ ਮੰਤਰੀ ਖ਼ਿਲਾਫ਼ ਇੱਕ ਹੋਰ ਸਾਜ਼ਿਸ਼ ਹੈ। ‘ਆਪ’ ਆਗੂ ਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ, ‘ਇਹ ਭਾਜਪਾ ਦੇ ਇਸ਼ਾਰੇ ‘ਤੇ ਕੇਜਰੀਵਾਲ ਖ਼ਿਲਾਫ਼ ਇੱਕ ਹੋਰ ਸਾਜ਼ਿਸ਼ ਹੈ। ਉਹ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਹਾਰ ਰਹੇ ਹਨ ਤੇ ਲੋਕ ਸਭਾ ਚੋਣਾਂ ‘ਚ ਹਾਰ ਦੇ ਡਰੋਂ ਘਬਰਾ ਗਏ ਹਨ।’ ਜ਼ਿਕਰਯੋਗ ਹੈ ਕਿ ਦਵਿੰਦਰਪਾਲ ਭੁੱਲਰ ਇਸ ਸਮੇਂ ਅੰਮ੍ਰਿਤਸਰ ਸੈਂਟਰਲ ਜੇਲ੍ਹ ‘ਚ ਬੰਦ ਹੈ। ਉਸ ਨੂੰ 1993 ‘ਚ ਦਿੱਲੀ ‘ਚ ਇੱਕ ਬੰਬ ਧਮਾਕੇ ‘ਚ ਨੌਂ ਲੋਕਾਂ ਦੀ ਹੱਤਿਆ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ।