ਸੈਕਰਾਮੈਂਟੋ, 19 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਕਲਾਹੋਮਾ ਰਾਜ ਵਿਚ ਦੋ ਔਰਤਾਂ ਨੂੰ ਅਗਵਾ ਕਰਨ ਤੇ ਉਨ੍ਹਾਂ ਦੀਆਂ ਹੱਤਿਆਵਾਂ ਕਰਨ ਦੇ ਮਾਮਲੇ ‘ਚ ਗ੍ਰਿਫਤਾਰ 4 ਸ਼ੱਕੀ ਦੋਸ਼ੀਆਂ ਨੂੰ ਅਦਾਲਤ ਨੇ ਬਾਂਡ ਉਪਰ ਰਿਹਾਅ ਕਰਨ ਤੋਂ ਨਾਂਹ ਕਰ ਦਿੱਤੀ ਹੈ। ਗ੍ਰਿਫਤਾਰ ਸ਼ੱਕੀ ਦੋਸ਼ੀਆਂ ਦਾ ਸਬੰਧ ਕਥਿਤ ਤੌਰ ‘ਤੇ ਸਰਕਾਰ ਵਿਰੋਧੀ ਇਕ ਧਾਰਮਿਕ ਸਮੂਹ ਨਾਲ ਜੁੜਿਆ ਹੋਇਆ ਹੈ। ਗ੍ਰਿਫਤਾਰ ਸ਼ੱਕੀ ਦੋਸ਼ੀਆਂ ਵਿਚ ਦੋ ਮਰਦ ਤੇ 2 ਔਰਤਾਂ ਸ਼ਾਮਲ ਹਨ। ਟੈਕਸਾਸ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਪਿਛਲੇ ਮਹੀਨੇ ਦੇ ਆਖੀਰ ਵਿਚ ਕੰਨਸਾਸ ਨਾਲ ਲੱਗਦੀ ਸਰਹੱਦ ਦੇ ਨੇੜੇ ਓਕਲਾਹੋਮਾ ਪੈਨਹੈਂਡਲ ਦੇ ਦਿਹਾਤੀ ਖੇਤਰ ਵਿਚ ਵੇਰੋਨੀਸਾ ਬਟਲਰ (27) ਤੇ ਜਿਲੀਅਨ ਕੈਲੀ (39) ਨਾਮੀ ਔਰਤਾਂ ਇਕੱਠੀਆਂ ਬੱਚਿਆਂ ਨੂੰ ਲੈਣ ਗਈਆਂ ਸਨ ਪਰੰਤੂ ਵਾਪਸ ਨਹੀਂ ਮੁੜੀਆਂ। ਗ੍ਰਿਫਤਾਰ ਸ਼ੱਕੀ ਦੋਸ਼ੀਆਂ ਵਿਚ ਟੈਡ ਬਰਟ ਕੁਲਮ (43), ਟਿਫਾਨੀ ਮਚੈਲ ਐਡਮਜ (54), ਕੋਲ ਅਰਲ ਟੂਮਬਲਾਈ (50) ਤੇ ਕੋਰਾ ਗੇਲ ਟੂਮਬਲਾਈ (40) ਸ਼ਾਮਲ ਹਨ। ਇਨ੍ਹਾਂ ਵਿਰੁੱਧ ਯੋਜਨਾਬੱਧ ਢੰਗ ਨਾਲ ਅਗਵਾ ਕਰਨ ਤੇ ਹੱਤਿਆਵਾਂ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜਾਂ ਅਨੁਸਾਰ ਟਿਫਾਨੀ ਮਚੈਲ ਐਡਮਜ ਮ੍ਰਿਤਕ ਬਟਲਰ ਦੇ ਬੱਚਿਆਂ ਦੀ ਦਾਦੀ ਹੈ ਤੇ ਦੋਨਾਂ ਵਿਚਾਲੇ ਬੱਚਿਆਂ ਦੀ ਸਪੁਰਦਗੀ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਦੇ ਇਲਾਵਾ ਐਡਮਜ ਅਤੇ ਟੈਡ ਬਰਟ ਕੁਲਮ ਵਿਚਾਲੇ ਨੇੜੇ ਦੇ ਸਬੰਧ ਹਨ। ਕੋਲ ਅਰਲ ਟੂਮਬਲਾਈ ਤੇ ਕੋਰਾ ਗੇਲ ਟੂਮਬਲਾਈ ਵਿਆਹੀ ਜੋੜੀ ਹੈ। ਅਦਾਲਤੀ ਦਸਤਾਵੇਜਾਂ ਅਨੁਸਾਰ ਬਟਲਰ ਨੂੰ ਫਰਵਰੀ ਵਿਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।