#CANADA

ਕੈਨੇਡੀਅਨ ਇਤਿਹਾਸ ‘ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਮਾਮਲੇ ‘ਚ 2 ਭਾਰਤੀਆਂ ਸਮੇਤ 6 Arrest

-ਕਈਆਂ ਦੇ ਵਾਰੰਟ ਜਾਰੀ
ਓਟਵਾ, 19 ਅਪ੍ਰੈਲ (ਪੰਜਾਬ ਮੇਲ)- ਟੋਰਾਂਟੋ ਦੇ ਮੁੱਖ ਹਵਾਈ ਅੱਡੇ ‘ਤੇ ਪਿਛਲੇ ਸਾਲ ਬਹੁ-ਕਰੋੜੀ ਡਾਲਰ ਦੇ ਸੋਨੇ ਦੀ ਚੋਰੀ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ 6 ਵਿਅਕਤੀਆਂ ਵਿਚ ਘੱਟੋ-ਘੱਟ ਦੋ ਭਾਰਤੀ ਮੂਲ ਦੇ ਵਿਅਕਤੀ ਸ਼ਾਮਲ ਹਨ, ਜੋ ਕੈਨੇਡਾ ਦੇ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੈ। ਪੀਲ ਰੀਜਨਲ ਪੁਲੀਸ (ਪੀ.ਆਰ.ਪੀ.) ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਤਿੰਨ ਹੋਰ ਵਿਅਕਤੀਆਂ ਦੇ ਵਾਰੰਟ ਵੀ ਜਾਰੀ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ 17 ਅਪ੍ਰੈਲ 2023 ਨੂੰ  ਏਅਰ ਕਾਰਗੋ ਕੰਟੇਨਰ, ਜਿਸ ਵਿਚ 2.2 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਛੜਾਂ ਤੇ ਵਿਦੇਸ਼ੀ ਮੁਦਰਾ ਸੀ, ਨੂੰ ਜਾਅਲੀ ਕਾਗਜ਼ੀ ਕਾਰਵਾਈ ਦੀ ਵਰਤੋਂ ਕਰਕੇ ਚੋਰੀ ਕੀਤਾ ਗਿਆ ਸੀ। ਸੋਨਾ ਅਤੇ ਕਰੰਸੀ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਦੀ ਫਲਾਈਟ ‘ਤੇ ਪਹੁੰਚੀ ਸੀ। ਪੁਲਿਸ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਦੇ ਘੱਟੋ-ਘੱਟ ਦੋ ਸਾਬਕਾ ਕਰਮਚਾਰੀਆਂ ਨੇ ਕਥਿਤ ਤੌਰ ‘ਤੇ ਇਸ ਚੋਰੀ ਵਿਚ ਮਦਦ ਕੀਤੀ ਸੀ। ਇੱਕ ਹੁਣ ਹਿਰਾਸਤ ਵਿਚ ਹੈ ਅਤੇ ਦੂਜੇ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੂਲ ਦੇ ਦੋ ਵਿਅਕਤੀਆਂ ਪਰਮਪਾਲ ਸਿੱਧੂ (54) ਅਤੇ ਅਮਿਤ ਜਲੋਟਾ (40), ਦੋਵੇਂ ਓਨਟਾਰੀਓ ਦੇ ਰਹਿਣ ਵਾਲੇ ਹਨ, ਨੂੰ ਅੰਮਾਦ ਚੌਧਰੀ (43), ਅਲੀ ਰਜ਼ਾ (37) ਅਤੇ ਪ੍ਰਸਥ ਪਰਮਾਲਿੰਗਮ (35) ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਅਪਰਾਧ ਸਮੇਂ ਸਿੱਧੂ ਏਅਰ ਕੈਨੇਡਾ ਵਿਚ ਕੰਮ ਕਰਦਾ ਸੀ। ਇਸ ਤੋਂ ਇਲਾਵਾ ਪੁਲਿਸ ਨੇ ਬਰੈਂਪਟਨ ਦੇ 31 ਸਾਲਾ ਸਿਮਰਨ ਪ੍ਰੀਤ ਪਨੇਸਰ ਦੇ ਵਾਰੰਟ ਜਾਰੀ ਕੀਤੇ ਹਨ, ਜੋ ਚੋਰੀ ਦੇ ਸਮੇਂ ਏਅਰ ਕੈਨੇਡਾ ‘ਚ ਤਾਇਨਾਤ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਦੇ 42 ਸਾਲਾ ਅਰਸਲਾਨ ਚੌਧਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ।