#AMERICA

F.B.I. ਵੱਲੋਂ ਜਾਰੀ ਮੋਸਟ ਵਾਂਟੇਡ ਸੂਚੀ ‘ਚ ਭਾਰਤੀ ਨੌਜਵਾਨ ਦਾ ਨਾਂ ਵੀ ਸ਼ਾਮਲ

-ਢਾਈ ਲੱਖ ਡਾਲਰ ਦਾ ਇਨਾਮ ਰੱਖਿਆ ਗਿਆ
ਨਿਊਯਾਰਕ, 13 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ। ਅਮਰੀਕਾ ਦੀ ਐੱਫ.ਬੀ.ਆਈ. ਨੇ ਉਸ ‘ਤੇ ਢਾਈ ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ। ਐੱਫ.ਬੀ.ਆਈ. ਨੇ ਐਕਸ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਮਰੀਕਾ ਵਿਚ ਰਹਿੰਦੇ ਭਦਰੇਸ਼ ਕੁਮਾਰ ਪਟੇਲ ਨਾਮੀਂ ਇਸ ਨੌਜਵਾਨ ਨੇ 2015 ਵਿਚ ਆਪਣੀ ਪਤਨੀ ਪਲਕ ਪਟੇਲ ਦਾ ਕਤਲ ਕੀਤਾ ਸੀ ਅਤੇ ਉਦੋਂ ਉਹ ਭਗੌੜਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਉਸ ਸਮੇਂ ਭਦਰੇਸ਼ ਕੁਮਾਰ ਪਟੇਲ ਦੀ ਉਮਰ 24 ਸਾਲ ਸੀ। ਭਦਰੇਸ਼ ਅਤੇ ਉਸ ਦੀ ਪਤਨੀ ਪਲਕ ਦੋਵੇਂ ਅਮਰੀਕਾ ਦੇ ਹੈਨੋਵਰ, ਮੈਰੀਲੈਂਡ ਸੂਬੇ ਵਿਚ ਸਥਿਤ ਇੱਕ ਡੰਕਿਨ ਡੋਨਟਸ (ਕੌਫੀ ਸ਼ਾਪ) ਵਿਚ ਇਕੱਠੇ ਕੰਮ ਕਰਦੇ ਸਨ। ਭਦਰੇਸ਼ ਨੇ ਡੰਕਿਨ ਡੋਨਟਸ ਦੀ ਰਸੋਈ ਵਿਚ ਹੀ ਆਪਣੀ 21 ਸਾਲਾ ਪਤਨੀ ਪਲਕ ਪਟੇਲ ‘ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਸਮੇਂ ਮੌਕੇ ‘ਤੇ ਮੌਜੂਦ ਸਨ। ਕਤਲ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਇਸ ਜੋੜੇ ਦੇ ਵੀਜ਼ੇ ਦੀ ਮਿਆਦ ਵੀ ਖ਼ਤਮ ਹੋ ਗਈ ਸੀ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭਦਰੇਸ਼ ਦੀ ਪਤਨੀ ਪਲਕ ਭਾਰਤ ਜਾਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਐੱਫ.ਬੀ.ਆਈ. ਭਦਰੇਸ਼ ਨੂੰ ਹਥਿਆਰਬੰਦ ਅਤੇ ਬੇਹੱਦ ਖ਼ਤਰਨਾਕ ਅਪਰਾਧੀ ਮੰਨਦੀ ਹੈ। ਇਸ ਤੋਂ ਪਹਿਲਾਂ ਵੀ 2017 ਵਿਚ ਐੱਫ.ਬੀ.ਆਈ. ਨੇ ਭਦਰੇਸ਼ ਨੂੰ ਗ੍ਰਿਫ਼ਤਾਰ ਕਰਨ ਵਿਚ ਮਦਦ ਕਰਨ ਲਈ 1 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ ਪਰ ਉਹ ਅਜੇ ਵੀ ਫਰਾਰ ਹੈ।