-ਚਿੱਠੀ ਲਿਖ ਕਿਹਾ- ‘ਗੋ ਹੋਮ ਇੰਡੀਅਨ’
ਮੈਲਬੌਰਨ, 16 ਨਵੰਬਰ (ਪੰਜਾਬ ਮੇਲ)-ਆਸਟ੍ਰੇਲੀਆ ਵਿਚ ਇਕ ਸਿੱਖ ਵਿਅਕਤੀ ’ਤੇ ਨਸਲੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 15 ਸਾਲਾਂ ਤੋਂ ਰਹਿ ਰਹੇ ਇਕ ਸਿੱਖ ਰੈਸਟੋਰੈਂਟ ਮਾਲਕ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਉਨ੍ਹਾਂ ਨੂੰ ਕਈ ਦਿਨਾਂ ਤੱਕ ਆਪਣੀ ਕਾਰ ’ਤੇ ਲਗਾਤਾਰ ਮਲ-ਮੂਤਰ ਲੱਗਾ ਮਿਲਿਆ ਅਤੇ ਨਾਲ ਹੀ ਨਸਲੀ ਚਿੱਠੀਆਂ ਮਿਲੀਆਂ, ਜਿਸ ਵਿਚ ਉਸ ਨੂੰ ਕਿਹਾ ਗਿਆ ਸੀ, ‘ਭਾਰਤੀ ਘਰ ਜਾਓ’।
ਤਸਮਾਨੀਆ ਦੇ ਹੋਬਾਰਟ ਵਿਚ ‘ਦਾਵਤ-ਦਿ ਇਨਵੀਟੇਸ਼ਨ’ ਰੈਸਟੋਰੈਂਟ ਚਲਾਉਣ ਵਾਲੇ ਜਰਨੈਲ ‘ਜਿੰਮੀ’ ਸਿੰਘ ਨੇ ਕਿਹਾ ਕਿ ਉਸ ਨੂੰ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੰਘ ਨੇ ਦੱਸਿਆ, ‘‘ਜਦੋਂ ਤੁਹਾਡੇ ਘਰ ਦੀ ਗੱਲ ਆਉਂਦੀ ਹੈ ਅਤੇ ਤੁਹਾਨੂੰ ਖ਼ਾਸ ਕਰਕੇ ਤੁਹਾਡੇ ਨਾਂ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਹ ਮਾਨਸਿਕ ਤੌਰ ’ਤੇ ਬਹੁਤ ਤਣਾਅਪੂਰਨ ਹੁੰਦਾ ਹੈ। ਇਸ ਬਾਰੇ ਜਲਦੀ ਕੁਝ ਕਰਨਾ ਪਵੇਗਾ।’’ ਰਿਪੋਰਟ ਅਨੁਸਾਰ ਸਿੰਘ ਨੇ ਪਹਿਲਾਂ ਇਹ ਮੰਨਿਆ ਕਿ ਚਿੱਠੀ ਕਿਸੇ ਨੌਜਵਾਨ ਦੁਆਰਾ ਲਿਖੀ ਗਈ ਸੀ ਅਤੇ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਪਹਿਲੀ ਘਟਨਾ ਦਾ ਜ਼ਿਕਰ ਕਰਦੇ ਹੋਏ ਉਸਨੇ ਦੱਸਿਆ ਕਿ ਲਗਾਤਾਰ ਚਾਰ ਜਾਂ ਪੰਜ ਦਿਨਾਂ ਤੱਕ ਉਸਦੀ ਕਾਰ ਦੇ ਦਰਵਾਜ਼ੇ ਦੇ ਹੈਂਡਲ ’ਤੇ ਕੁੱਤੇ ਦਾ ਮਲ-ਮੂਤਰ ਲਗਾਇਆ ਗਿਆ ਸੀ, ਉਸ ਤੋਂ ਬਾਅਦ ਉਸਦੇ ਡਰਾਈਵਵੇਅ ਵਿਚ ਇਕ ਨਸਲੀ ਪੱਤਰ ਲਿਖਿਆ ਗਿਆ ਸੀ, ਜਿਸ ਵਿਚ ਉਸਨੂੰ ‘ਘਰ ਜਾਓ, ਭਾਰਤੀ’ ਕਿਹਾ ਗਿਆ ਸੀ। ਜਦੋਂ ਕਿ ਘਟਨਾ ਪੁਲਿਸ ਦੇ ਧਿਆਨ ਵਿਚ ਲਿਆਂਦੀ ਗਈ ਅਤੇ ਉਸਦੀ ਜਾਇਦਾਦ ’ਤੇ ਵੀਡੀਓ ਕੈਮਰੇ ਲਗਾਏ ਗਏ ਪਰ ਇਤਰਾਜ਼ਯੋਗ ਪੱਤਰ ਆਉਂਦੇ ਰਹੇ। ਉਸਨੇ ਦੱਸਿਆ ਕਿ ਅਗਲਾ ਪੱਤਰ ਲਗਭਗ ਇਕ ਮਹੀਨੇ ਬਾਅਦ ਮਿਲਿਆ ਅਤੇ ਇਹ ਪਹਿਲੇ ਨਾਲੋਂ ਵੀ ਵੱਧ ਅਪਮਾਨਜਨਕ ਸੀ।
ਉਸ ਦੀ ਕਾਰ ਨੂੰ ਉਸ ਦੇ ਕੰਮ ਵਾਲੀ ਥਾਂ ਦੇ ਬਾਹਰ ਵੀ ਨਿਸ਼ਾਨਾ ਬਣਾਇਆ ਗਿਆ। ਤਸਮਾਨੀਆ ਦੇ ਪੁਲਿਸ ਕਮਾਂਡਰ ਜੇਸਨ ਐਲਮਰ ਨੇ ਇਕ ਬਿਆਨ ਵਿਚ ਕਿਹਾ ਕਿ ਘਟਨਾਵਾਂ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਤਸਮਾਨੀਆ ਦੀ ਬਹੁ-ਸੱਭਿਆਚਾਰਕ ਪਰਿਸ਼ਦ ਦੀ ਚੇਅਰ ਐਮਨ ਜਾਫਰੀ ਨੇ ਦੱਸਿਆ ਕਿ ਸਿੰਘ ਦੁਆਰਾ ਅਨੁਭਵ ਕੀਤੀਆਂ ਘਟਨਾਵਾਂ ਬਹੁਤ ਆਮ ਹਨ ਅਤੇ ਵੱਧ ਰਹੀਆਂ ਹਨ।¿;
ਪੁਲਿਸ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਜਾ ਕੇ ਲਿਖਿਆ, ‘‘ਸਾਡੇ ਸੁੰਦਰ ਦੇਸ਼, ਆਸਟ੍ਰੇਲੀਆ ਵਿਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ।’’ ਉਸਨੇ ਆਪਣੇ ਸਮਰਥਕਾਂ ਅਤੇ ਗਾਹਕਾਂ ਦਾ ਵੀ ਧੰਨਵਾਦ ਕੀਤਾ ਜੋ ‘ਮੁਸ਼ਕਲ ਸਮੇਂ ਵਿਚ ਉਸਦੇ ਨਾਲ ਖੜ੍ਹੇ’ ਸਨ। ਉਸਨੇ ਸੋਮਵਾਰ ਨੂੰ ਫੇਸਬੁੱਕ ’ਤੇ ਲਿਖਿਆ, ‘‘ਮੈਂ ਬਹੁਤ ਸਾਰੇ ਤਰੀਕਿਆਂ ਨਾਲ ਮੈਨੂੰ ਮਿਲੇ ਸ਼ਾਨਦਾਰ ਸਮਰਥਨ ਲਈ ‘ਦਿਲੋਂ ਧੰਨਵਾਦ’ ਕਰਨਾ ਚਾਹੁੰਦਾ ਹਾਂ।’’