#INDIA

’84 ਸਿੱਖ ਵਿਰੋਧੀ ਕਤਲੇਆਮ: ਸੀ.ਬੀ.ਆਈ. ਨੇ ਟਾਈਟਲਰ ਦੀ ਆਵਾਜ਼ ਦੇ ਨਮੂਨੇ ਲਏ

ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਮੇਲ)-ਸੀ.ਬੀ.ਆਈ. ਨੇ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਇਕ ਕੇਸ, ਜਿਸ ‘ਚ ਪੁਲ ਬੰਗਸ਼ ਇਲਾਕੇ ‘ਚ ਭੀੜ ਨੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ, ਦੇ ਮਾਮਲੇ ‘ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਆਵਾਜ਼ ਦੇ ਨਮੂਨੇ ਲਏ ਹਨ। ਜਾਂਚ ਏਜੰਸੀ ਨੇ ਸਿਆਸਤਦਾਨ ਮਨਜੀਤ ਸਿੰਘ ਜੀ.ਕੇ. ਨੂੰ ਵੀ ਸੰਮਨ ਜਾਰੀ ਕੀਤਾ ਹੈ, ਜਿਸ ਨੇ ਇਕ ਕਥਿਤ ਸਟਿੰਗ ਟੇਪ ਜਾਰੀ ਕੀਤੀ ਸੀ, ਜਿਸ ‘ਚ ਇਕ ਵਿਅਕਤੀ ਜਿਸ ਨੂੰ ਟਾਈਟਲਰ ਦੱਸਿਆ ਜਾ ਰਿਹਾ ਸੀ, ਸਿੱਖਾਂ ਨੂੰ ਮਾਰਨ ਦਾ ਦਾਅਵਾ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ, ਜਿਸ ਨੇ ਹੁਣ ਤੱਕ ਤਿੰਨ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਹਨ, ਨੇ ਕੇਸ ‘ਚ ਤਾਜ਼ੇ ਸਬੂਤ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਸੂਤਰਾਂ ਨੇ ਕਿਹਾ ਕਿ ਏਜੰਸੀ ਟਾਈਟਲਰ ਦੇ ਆਵਾਜ਼ ਦੇ ਨਮੂਨਿਆਂ ਦੀ ਤੁਲਨਾ ਵੀਡੀਓ ਵਿਚਲੀ ਆਵਾਜ਼ ਨਾਲ ਕਰ ਸਕਦੀ ਹੈ। ਟਾਈਟਲਰ ਇਥੇ ਸੀ.ਜੀ.ਓ. ਕੰਪਲੈਕਸ ‘ਚ ਕੇਂਦਰੀ ਫੋਰੈਂਸਿੰਕ ਸਾਇੰਸ ਲੈਬਾਰਟਰੀ ‘ਚ ਆਪਣੀ ਆਵਾਜ਼ ਦੇ ਨਮੂਨੇ ਦੇਣ ਪੁੱਜਾ। ਇਹ ਮਾਮਲਾ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲ ਬੰਗਸ਼ ਵਿਖੇ ਹੋਏ ਦੰਗਿਆਂ ਨਾਲ ਸੰਬੰਧਿਤ ਹੈ, ਜਿੱਥੇ 1 ਨਵੰਬਰ 1984 ਨੂੰ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਪੀੜਤ ਪਰਿਵਾਰਾਂ ਨੇ ਇਸ ਮਾਮਲੇ ‘ਚ ਸੀ.ਬੀ.ਆਈ. ਦੀਆਂ ਕਲੋਜ਼ਰ ਰਿਪੋਰਟਾਂ ਨੂੰ ਚੁਣੌਤੀ ਦਿੰਦਿਆਂ ਹੋਇਆਂ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।

Leave a comment