#AMERICA

ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਦੇ ਸ਼ਤਾਬਦੀ ਜਨਮ ਦਿਨ ‘ਤੇ ਵਿਸ਼ੇਸ਼ ਪ੍ਰੋਗਰਾਮ

ਸਿਆਟਲ, 12 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਗੁਰਦੁਆਰਾ ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਨਾਮਵਰ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਦੇ ਸ਼ਤਾਬਦੀ ਜਨਮ ਦਿਨ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਕੈਨੇਡਾ ਤੋਂ ਨਾਮਵਰ ਸਾਹਿਤਕਾਰ ਅਤੇ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਸਾਹਿਤਕਾਰ ਅਵਤਾਰ ਸਿੰਘ ਆਦਮਪੁਰੀ ਨੇ ਸਭ ਨੂੰ ਜੀ ਆਇਆਂ ਕਿਹਾ। ਉਨ੍ਹਾਂ ਗਿਆਨੀ ਗੁਰਦਿੱਤ ਸਿੰਘ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਮਾਗਮ ਦੇ ਮੁੱਖ ਬੁਲਾਰੇ ਜੈਤੇਗ ਸਿੰਘ ਅਨੰਤ ਦੀ ਜਾਣ-ਪਛਾਣ ਕਰਵਾਈ।
ਗਿਆਨੀ ਗੁਰਦਿੱਤ ਸਿੰਘ ਦੀ ਸ਼ਖ਼ਸੀਅਤ, ਉਨ੍ਹਾਂ ਦੇ ਮਹਾਨ ਸਾਹਿਤਕ ਯੋਗਦਾਨ ਅਤੇ ਸਮਾਜਿਕ ਕਾਰਜਾਂ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਉੱਘੇ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਨਾਮਵਰ ਵਿਦਵਾਨ, ਚਿੰਤਕ, ਜੀਵਨੀਕਾਰ, ਨਿਬੰਧਕਾਰ, ਸਿਰਕੱਢ ਖੋਜੀ, ਇਤਿਹਾਸਕਾਰ, ਸੰਪਾਦਕ, ਗੁਰਮਤਿ ਅਚਾਰੀਆ, ਗੁਰਬਾਣੀ ਦੇ ਵਿਆਖਿਆਕਾਰ ਅਤੇ ਚੋਟੀ ਦੇ ਬੁਲਾਰੇ ਸਨ। ‘ਮੇਰਾ ਪਿੰਡ’ ਉਨ੍ਹਾਂ ਦੀ ਸ਼ਾਹਕਾਰ ਰਚਨਾ ਹੈ, ਜਿਸ ਵਿਚੋਂ ਪੰਜਾਬ ਦੇ ਪਿੰਡਾਂ ਦਾ ਸਮੁੱਚਾ ਸੱਭਿਆਚਾਰ ਬੇਹੱਦ ਕਲਾਮਈ ਅਤੇ ਖੂਬਸੂਰਤ ਢੰਗ ਨਾਲ ਚਿਤਰਿਆ ਗਿਆ ਹੈ। ਉਨ੍ਹਾਂ ਦੀ ਖੋਜ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ ਪਹਿਲਾ’ ਵੀ ਪੰਜਾਬੀ ਜਗਤ ਦੀ ਅਨਮੋਲ ਰਚਨਾ ਹੈ। ਉਨ੍ਹਾਂ ਆਪਣੇ ਜੀਵਨ ਵਿਚ ਲਗਭਗ 100 ਦੇ ਕਰੀਬ ਪੁਸਤਕਾਂ ਅਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ। ਉਹ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਰਹੇ। 1977 ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿਚ ਅਨੇਕਾਂ ਮਾਣ-ਸਨਮਾਨ ਮਿਲੇ। ਉਨ੍ਹਾਂ ਦੀ ਪੁਸਤਕ ‘ਮੇਰਾ ਪਿੰਡ’ ਨੂੰ ਯੂਨੈਸਕੋ ਐਵਾਰਡ ਪ੍ਰਾਪਤ ਹੋਇਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਗਿਆਨੀ ਗੁਰਦਿੱਤ ਸਿੰਘ ਦੇ ਇਕ ਹੋਰ ਅਹਿਮ ਪਹਿਲੂ ਬਾਰੇ ਚਾਨਣਾ ਪਾਉਂਦਿਆਂ ਸ. ਅਨੰਤ ਨੇ ਦੱਸਿਆ ਕਿ ਪੰਜਾਬ ਦੀਆਂ ਪ੍ਰਮੁੱਖ ਰਾਜਸੀ ਸ਼ਖ਼ਸੀਅਤਾਂ ਨਾਲ ਉਨ੍ਹਾਂ ਦੇ ਬੜੀ ਗੂੜ੍ਹੀ ਮਿੱਤਰਤਾ ਸੀ। ਉਹ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਅਤੇ ਗਿਆਨ ਸਿੰਘ ਰਾੜੇਵਾਲਾ ਦੇ ਸਲਾਹਕਾਰ ਵੀ ਰਹੇ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਉਨ੍ਹਾਂ ਦੀ ਸੋਚ ਸਦਕਾ ਹੀ ਹੋਈ। ਦਮਦਮਾ ਸਾਹਿਬ ਦੀ ਤਵਾਰੀਖ ਨੂੰ ਖੋਜ ਕੇ ਉਸ ਨੂੰ ਸਿੱਖਾਂ ਦਾ ਪੰਜਵਾਂ ਤਖ਼ਤ ਸਥਾਪਤ ਕਰਨ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਗੁਰੂ ਨਾਨਕ ਯੂਨੀਵਰਸਿਟੀ ਵਿਚ ਵਿਰਾਸਤੀ ਪਿੰਡ ਦਾ ਨੀਂਹ ਪੱਥਰ ਵੀ ਉਨ੍ਹਾਂ ਨੇ ਰੱਖਿਆ।
ਗਿਆਨੀ ਗੁਰਦਿੱਤ ਸਿੰਘ ਬਾਰੇ ਬੋਲਦਿਆਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਆਗੂ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਸਿੱਖ ਕੌਮ ਦੀਆਂ ਵਿਰਲਿਆਂ ਸ਼ਖਸੀਅਤਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਇਤਿਹਾਸ, ਸਾਹਿਤ ਅਤੇ ਖੋਜ ਕਾਰਜਾਂ ਵਿਚ ਲਾਇਆ। ਅਖੰਡ ਕੀਰਤਨੀ ਜਥੇ ਦੇ ਰੂਹੇ-ਰਵਾਂ ਮਲਕੀਤ ਸਿੰਘ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਵਰਗੀਆਂ ਮਹਾਨ ਸਾਹਿਤਕ ਸ਼ਖ਼ਸੀਅਤਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦਾ ਕਾਰਜਾਂ ਨੂੰ ਜਾਣਨਾ ਸਮੇਂ ਦੀ ਪ੍ਰਮੁੱਖ ਲੋੜ ਹੈ। ਇਸ ਮੌਕੇ ਜੈਤੇਗ ਸਿੰਘ ਅਨੰਤ ਵੱਲੋਂ ਤਿਆਰ ਕੀਤਾ ਗਿਆ ਸਲਾਈਡ ਸ਼ੋਅ ਦਿਖਾਇਆ ਗਿਆ, ਜਿਸ ਰਾਹੀਂ ਗਿਆਨੀ ਗੁਰਦਿੱਤ ਸਿੰਘ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ, ਕਾਰਜਾਂ, ਯੋਗਦਾਨ, ਪ੍ਰਾਪਤੀਆਂ, ਮਾਣ-ਸਨਮਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਜੈਤੇਗ ਸਿੰਘ ਅਨੰਤ ਨੇ ਆਪਣੀਆਂ ਅਤੇ ਗਿਆਨੀ ਗੁਰਦਿੱਤ ਸਿੰਘ ਦੀਆਂ ਪੁਸਤਕਾਂ ਦਾ ਇਕ ਸੈੱਟ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕਾਂ ਨੂੰ ਸੌਂਪਿਆ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਜੈਤੇਗ ਸਿੰਘ ਅਨੰਤ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ‘ਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ। ਅੰਤ ਵਿਚ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਪੇਸ਼ ਕੀਤੇ ਇਕ ਮਤੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੋਂ ਮੰਗ ਕੀਤੀ ਗਈ ਕਿ ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੀ ਜਾਵੇ।

Leave a comment